ਗੈਂਗਸਟਰਾਂ ਵੱਲੋਂ ਕਾਂਗਰਸੀ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ
ਬੀਤੀ ਰਾਤ ਸਰਹੱਦੀ ਖੇਤਰ ਦੇ ਪਿੰਡ ਤੂਤ ਦੇ ਸਾਬਕਾ ਸਰਪੰਚ ਅਤੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਦੀ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ| ਇਸ ਵਾਰਦਾਤ ਖ਼ਿਲਾਫ਼ ਕਾਂਗਰਸ ਪਾਰਟੀ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਅੱਜ ਇੱਥੇ ਐੱਸਐੱਸਪੀ ਦਫਤਰ ਸਾਹਮਣੇ ਧਰਨਾ ਦਿੱਤਾ ਗਿਆ। ਗੁਰਮੇਲ ਸਿੰਘ (55) ਰਾਤ ਵੇਲੇ ਟਰੈਕਟਰ ’ਤੇ ਸਤਲੁਜ ਦਰਿਆ ਦੇ ਕੰਢਿਆਂ ਦੀ ਮਜ਼ਬੂਤੀ ਲਈ ਪਿੰਡ ਘੜੂੰਮ ਦੇ ਬੰਨ੍ਹ ਤੋਂ ਸੇਵਾ ਕਰਕੇ ਘਰ ਪਰਤ ਰਿਹਾ ਸੀ| ਇਸ ਦੌਰਾਨ ਉਸ ਨੂੰ ਰਾਹ ਵਿੱਚ ਮੋਟਰਸਾਈਕਲ ਸਵਾਰ ਤਿੰਨ ਗੈਂਗਸਟਰਾਂ ਨੇ ਘੇਰ ਕੇ ਗੋਲੀਆਂ ਮਾਰੀਆਂ। ਇਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ| ਇਸ ਵਾਰਦਾਤ ਦੀ ਗੈਂਗਸਟਰ ਪ੍ਰਭ ਦਾਸੂਵਾਲ, ਡੋਨੀ ਬਲ, ਅਫਰੀਦੀ ਅਤੇ ਕੌਸਲ ਚੌਧਰੀ ਨੇ ਜ਼ਿੰਮੇਵਾਰੀ ਲੈਂਦਿਆਂ ਗੁਰਮੇਲ ’ਤੇ ਉਨ੍ਹਾਂ ਦੀਆਂ ਗਤੀਵਿਧੀਆਂ ਦੀ ਪੁਲੀਸ ਨੂੰ ਜਾਣਕਾਰੀ ਦੇਣ ਦਾ ਦੋਸ਼ ਲਗਾਇਆ ਗਿਆ| ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਪੱਟੀ ਸਦਰ ਦੀ ਪੁਲੀਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ| ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਦੋਸ਼ ਲਗਾਇਆ ਕਿ ਸੂਬੇ ਵਿੱਚ ਗੈਂਗਸਟਰਾਂ ਦਾ ਰਾਜ ਹੈ ਅਤੇ ਸੂਬਾ ਸਰਕਾਰ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਵਿੱਚ ਅਸਫ਼ਲ ਸਾਬਤ ਹੋਈ ਹੈ| ਉਨ੍ਹਾਂ ਪੀੜਤ ਪਰਿਵਾਰ ਨੂੰ ਸੁਰੱਖਿਆ ਦੇਣ ਅਤੇ ਮੁਲਜ਼ਮਾਂ ਨੂੰ ਬਿਨਾਂ ਦੇਰੀ ਦੇ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ| ਉਨ੍ਹਾਂ ਮੰਗਾਂ ਮੰਨੇ ਜਾਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਵੀ ਕੀਤਾ। ਮਗਰੋਂ ਉਹ ਖੁਦ ਧਰਨਾ ਵਿਚਾਲੇ ਛੱਡ ਕੇ ਚਲੇ ਗਏ| ਇਸ ਮੌਕੇ ਵਿਰੋਧੀ ਧਿਰ ਦੇ ਆਗੂ ਆਗੂ ਪ੍ਰਤਾਪ ਸਿੰਘ ਬਾਜਵਾ, ਕੁਲਬੀਰ ਸਿੰਘ ਜ਼ੀਰਾ ਨੇ ਵੀ ਸੰਬੋਧਨ ਕੀਤਾ|