ਕਾਂਗਰਸ: ਮੁਫ਼ਤ ਵਿੱਚ ਮੇਲਾ ਲੁੱਟਣਾ ਸੌਖਾ ਨਹੀਂ..!
ਚਰਨਜੀਤ ਭੁੱਲਰ
ਚੰਡੀਗੜ੍ਹ, 23 ਜੂਨ
ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਨੇ ਕਾਂਗਰਸ ਦਾ ਮੁਫ਼ਤ ਵਿੱਚ ਸਿਆਸੀ ਮੇਲਾ ਲੁੱਟਣ ਦਾ ਸੁਫਨਾ ਚੂਰ ਕਰ ਦਿੱਤਾ ਹੈ। ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ 24,542 ਵੋਟਾਂ ਮਿਲੀਆਂ ਹਨ ਜੋ ਕਿ 27.22 ਫ਼ੀਸਦੀ ਬਣਦੀਆਂ ਹਨ। 2022 ਦੀਆਂ ਚੋਣਾਂ ’ਚ ਕਾਂਗਰਸ ਨੂੰ 28.3 ਫ਼ੀਸਦੀ ਵੋਟ ਮਿਲੇ ਸਨ ਜਦੋਂਕਿ 2017 ਵਿੱਚ ਆਸ਼ੂ 54.4 ਫ਼ੀਸਦੀ ਵੋਟ ਹਾਸਲ ਕਰਕੇ 36,521 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਸਨ। ਉਸ ਤੋਂ ਪਹਿਲਾਂ 2012 ਵਿੱਚ ਆਸ਼ੂ 62.8 ਫ਼ੀਸਦੀ ਵੋਟਾਂ ਲੈ ਕੇ 35,922 ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਜ਼ਿਮਨੀ ਚੋਣ ਨੇ ਕਾਂਗਰਸ ਨੂੰ ਦੱਸ ਦਿੱਤਾ ਹੈ ਕਿ ਇਕੱਲਾ ਹਾਕਮ ਧਿਰ ਨੂੰ ਨਿੰਦ ਕੇ ਗੱਲ ਨਹੀਂ ਬਣਨੀ। ਧਰਾਤਲ ’ਤੇ ਕੰਮ ਕਰਨਾ ਪਵੇਗਾ। ਇਹ ਗੱਲ ਗੁੱਝੀ ਨਹੀਂ ਕਿ ਕਾਂਗਰਸ ਪਾਟੋ-ਧਾੜ ਦਾ ਸ਼ਿਕਾਰ ਰਹੀ ਅਤੇ ਕਾਂਗਰਸੀ ਲੀਡਰਾਂ ਨੇ ਸਾਰੀ ਤਾਕਤ ਇੱਕ ਦੂਜੇ ਦੀਆਂ ਲੱਤਾਂ ਖਿੱਚਣ ’ਤੇ ਝੋਕ ਦਿੱਤੀ। ਜ਼ਿਮਨੀ ਚੋਣ ਦਾ ਨਤੀਜਾ ਦੱਸਦਾ ਹੈ ਕਿ ਕਾਂਗਰਸ ਵਿਰੋਧੀ ਧਿਰ ਦੀ ਸਾਰਥਿਕ ਭੂਮਿਕਾ ਨਿਭਾਉਣ ਵਿੱਚ ਫ਼ੇਲ੍ਹ ਰਹੀ ਹੈ ਅਤੇ ਲੋਕ ਮੁੱਦਿਆਂ ਨੂੰ ਉਠਾਉਣ ਤੋਂ ਖੁੰਝੀ ਹੈ।
ਸਿਆਸੀ ਮਾਹਿਰ ਆਖਦੇ ਹਨ ਕਿ ਕਾਂਗਰਸ ਨੇ ਪਿਛਲੇ ਸਮੇਂ ਤੋਂ ਜ਼ਮੀਨ ’ਤੇ ਲੋਕ ਮੁੱਦਿਆਂ ’ਤੇ ਲੜਨ ਦੀ ਥਾਂ ਸੋਸ਼ਲ ਮੀਡੀਆ ’ਤੇ ਹੀ ਮੁਹਾਜ਼ ਖੋਲ੍ਹ ਕੇ ਘਰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬ ਦੇ ਭਖਦੇ ਮੁੱਦਿਆਂ ’ਤੇ ਬੱਝਵੀਂ ਲੜਾਈ ਸੜਕਾਂ ’ਤੇ ਲੜਨ ਦੀ ਥਾਂ ਕਾਂਗਰਸੀ ਆਗੂਆਂ ਨੇ ਹਾਕਮ ਧਿਰ ਦੇ ਨੁਕਸ ਕੱਢ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ। 2022 ਦੀਆਂ ਚੋਣਾਂ ਵਿੱਚ ਹੋਈ ਹਾਰ ਦੀ ਕਦੇ ਕਾਂਗਰਸ ਨੇ ਪੜਚੋਲ ਨਹੀਂ ਕੀਤੀ। ਵਿਰੋਧੀ ਧਿਰ ਨੇ ਪੰਜਾਬ ਸਰਕਾਰ ’ਚ ਦਿੱਲੀ ਦੇ ਦਖ਼ਲ ਨੂੰ ਕਦੇ ਮੁੱਦੇ ਵਜੋਂ ਨਹੀਂ ਲਿਆ ਜਦੋਂ ਕਿ ਇਹ ਗੱਲ ਪੰਜਾਬੀ ਮਨਾਂ ’ਚ ਘਰ ਕਰੀ ਬੈਠੀ ਹੈ। ਚੇਤੰਨ ਹਲਕੇ ਆਖਦੇ ਹਨ ਕਿ ਕਾਂਗਰਸ ਸਿਰਫ਼ ਅੰਦਰੂਨੀ ਖ਼ਾਨਾ-ਜੰਗੀ ਦਾ ਰੋਣਾ ਰੋ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੀ। ਇਹ ਨਤੀਜਾ ਕਾਂਗਰਸ ਦੇ ਹਾਈਕਮਾਨ ’ਤੇ ਵੀ ਉਂਗਲ ਉਠਾਉਂਦਾ ਹੈ। ਕਾਂਗਰਸ ਹਾਈਕਮਾਨ ਨੇ ਹਰਿਆਣਾ ’ਚ ਧੜੇਬੰਦੀ ਵਜੋਂ ਹੱਥੋਂ ਹਕੂਮਤ ਨਿਕਲਣ ਦੇ ਬਾਵਜੂਦ ਪੰਜਾਬ ਕਾਂਗਰਸ ਦੀ ਧੜੇਬੰਦੀ ਦੇ ਇਲਾਜ ਲਈ ਕੋਈ ਸਿਆਸੀ ਨੁਸਖ਼ਾ ਪੇਸ਼ ਨਹੀਂ ਕੀਤਾ। ਲੋਕ ਸਭਾ ਚੋਣਾਂ ਵਿੱਚ ਚੰਗੀ ਕਾਰਗੁਜ਼ਾਰੀ ਦੇ ਬਾਵਜੂਦ ਕਾਂਗਰਸ ਆਪਣਾ ਜੋਸ਼ ਕਾਇਮ ਨਹੀਂ ਰੱਖ ਸਕੀ।
ਲੁਧਿਆਣਾ ਪੱਛਮੀ ਹਲਕੇ ’ਚ ਆਸ਼ੂ ਦੇ ‘ਹੰਕਾਰ’ ਨੂੰ ਇੱਕ ਮੁੱਦੇ ਵਜੋਂ ‘ਆਪ’ ਨੇ ਉਭਾਰਿਆ। ਆਸ਼ੂ ਦੇ ਚੋਣ ਪ੍ਰਚਾਰ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਚੰਨੀ, ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਤਨਦੇਹੀ ਨਾਲ ਕਮਾਨ ਸੰਭਾਲੀ ਰੱਖੀ ਪ੍ਰੰਤੂ ਏਨਾ ਹੀ ਕਾਫ਼ੀ ਨਹੀਂ ਸੀ। ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੀ ਛਵੀ ਦੀ ਕਾਟ ਆਸ਼ੂ ਦਾ ਚਿਹਰਾ ਨਹੀਂ ਕਰ ਸਕਿਆ।
ਜ਼ਿਮਨੀ ਚੋਣ ’ਚ ਹੋਈ ਹਾਰ ਮਗਰੋਂ ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ’ਤੇ ਵੀ ਸੁਆਲ ਖੜ੍ਹੇ ਹੋ ਗਏ ਹਨ। ਪੰਜਾਬ ਕਾਂਗਰਸ ’ਚ ਇਹ ਹਾਰ ਆਪਸੀ ਖ਼ਾਨਾ-ਜੰਗੀ ਨੂੰ ਹੋਰ ਤਿੱਖੀ ਕਰੇਗੀ। ਮੌਜੂਦਾ ਸਰਕਾਰ ਦੇ ਸਮੇਂ ਦੌਰਾਨ ਦੋ ਲੋਕ ਸਭਾ ਹਲਕਿਆਂ ਅਤੇ ਛੇ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣ ਹੋ ਚੁੱਕੀ ਹੈ ਪਰ ਕਾਂਗਰਸ ਸਿਰਫ਼ ਬਰਨਾਲਾ ਸੀਟ ਹੀ ਜਿੱਤ ਸਕੀ ਹੈ।
ਲੁਧਿਆਣਾ ਪੱਛਮੀ ਹਲਕੇ ਤੋਂ 1985 ਅਤੇ 1992 ਵਿੱਚ ਹਰਨਾਮ ਦਾਸ ਜੌਹਰ ਵੀ ਚੋਣ ਜਿੱਤੇ ਚੁੱਕੇ ਹਨ ਅਤੇ ਦੋ ਵਾਰ ਭਾਰਤ ਭੂਸ਼ਣ ਆਸ਼ੂ ਨੇ ਚੋਣ ਜਿੱਤੀ ਹੈ। 1980 ਵਿੱਚ ਕਾਂਗਰਸ ਦੇ ਜੋਗਿੰਦਰਪਾਲ ਪਾਂਡੇ ਨੇ 51.5 ਫ਼ੀਸਦੀ ਵੋਟਾਂ ਲੈ ਕੇ ਚੋਣ ਜਿੱਤੀ ਸੀ।
ਸਬਕ ਸਿੱਖ ਕੇ ਅੱਗੇ ਵਧਾਂਗੇ: ਪਰਗਟ ਸਿੰਘ
ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਪਰਗਟ ਸਿੰਘ ਦਾ ਕਹਿਣਾ ਸੀ ਕਿ ਲੁਧਿਆਣਾ ਪੱਛਮੀ ਦੇ ਬਹੁਤੇ ਵਾਰਡਾਂ ਵਿੱਚ ਕਾਂਗਰਸ ਨੂੰ ਬਣਦੀ ਹਿੱਸੇਦਾਰੀ ਮਿਲੀ ਹੈ ਪਰ ਬਾਹਰੀ ਖੇਤਰਾਂ ਵਿੱਚ ‘ਆਪ’ ਨੂੰ ਬੱਝਵੀਂ ਵੋਟ ਪੈ ਗਈ। ਦਲਿਤ ਅਤੇ ਹਿੰਦੂ ਵੋਟ ਬੈਂਕ ਨੇ ਕਾਂਗਰਸ ਨੂੰ ਉਮੀਦ ਮੁਤਾਬਕ ਹੁੰਗਾਰਾ ਨਹੀਂ ਦਿੱਤਾ। ਉਨ੍ਹਾਂ ਲੋਕ ਫ਼ਤਵਾ ਪ੍ਰਵਾਨ ਕਰਦਿਆਂ ਕਿਹਾ ਕਿ ਜ਼ਿਮਨੀ ਚੋਣ ਤੋਂ ਸਬਕ ਲੈ ਕੇ ਅੱਗੇ ਵਧਾਂਗੇ।