ਕਾਂਗਰਸ ਨੇ 26 ਲੱਖ ਤੋਂ ਵੱਧ ਦਸਤਖ਼ਤ ਕਰਵਾਏ
ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ‘ਵੋਟ ਚੋਰ, ਗੱਦੀ ਛੋੜ’ ਮੁਹਿੰਮ ਤਹਿਤ ਪੰਜਾਬ ਕਾਂਗਰਸ ਨੇ ਵੋਟ ਚੋਰੀ ਵਿਰੁੱਧ ਪੰਜਾਬ ਭਰ ’ਚੋਂ 26 ਲੱਖ ਤੋਂ ਵੱਧ ਦਸਤਖ਼ਤ ਕਰਵਾਏ। ਅੱਜ ਪੰਜਾਬ ਕਾਂਗਰਸ ਦੇ ਚੰਡੀਗੜ੍ਹ ਸਥਿਤ ਦਫ਼ਤਰ ਤੋਂ 26.30 ਲੱਖ ਦਸਤਖ਼ਤ ਕੀਤੇ ਫਾਰਮਾਂ ਵਾਲੇ ਟਰੱਕ ਨੂੰ ਪਾਰਟੀ ਦੇ ਸੀਨੀਅਰ ਆਗੂ ਰਵਿੰਦਰ ਦਲਵੀ, ਵਿਜੈ ਇੰਦਰ ਸਿੰਗਲਾ, ਰਣਦੀਪ ਨਾਭਾ, ਪਰਗਟ ਸਿੰਘ ਅਤੇ ਕੁਲਜੀਤ ਨਾਗਰਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਕਾਂਗਰਸੀ ਆਗੂਆਂ ਨੇ ਕਿਹਾ ਕਿ ਭਾਜਪਾ ਵੱਲੋਂ ਭਾਰਤੀ ਚੋਣ ਕਮਿਸ਼ਨ ਦੀ ਕਥਿਤ ਮਿਲੀਭੁਗਤ ਨਾਲ ਕੀਤੀ ਗਈ ‘ਵੋਟ ਚੋਰ, ਗੱਦੀ ਛੋੜ’ ਮੁਹਿੰਮ ਨੂੰ ਪੰਜਾਬ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਵਿਜੈ ਇੰਦਰ ਸਿੰਗਲਾ ਨੇ ਛੇ ਮਹੀਨਿਆਂ ਦੇ ਅੰਦਰ ਮਹਾਰਾਸ਼ਟਰ ਵਿੱਚ ਵੋਟਾਂ ਦੇ ਵੱਡੇ ਵਾਧੇ ਦਾ ਜ਼ਿਕਰ ਕੀਤਾ ਜਿਸ ਨੇ ਸੰਸਦੀ ਤੋਂ ਲੈ ਕੇ ਵਿਧਾਨ ਸਭਾ ਚੋਣਾਂ ਤੱਕ ਚੋਣ ਨਤੀਜਿਆਂ ਨੂੰ ਪੂਰੀ ਤਰ੍ਹਾਂ ਉਲਟਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਹਰਿਆਣਾ ਬਾਰੇ ਕੀਤੇ ਗਏ ਹਾਲ ਹੀ ਦੇ ਵੱਡੇ ਖ਼ੁਲਾਸਿਆਂ ਨੇ ਭਾਜਪਾ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ। ਇਸ ਬਾਰੇ ਭਾਜਪਾ ਜਾਂ ਭਾਰਤ ਦੇ ਚੋਣ ਕਮਿਸ਼ਨ ਨੂੰ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਦਸਤਖ਼ਤ ਮੁਹਿੰਮ ਤੋਂ ਬਾਅਦ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਵਿੱਚ ਕਿਸੇ ਵੀ ਜਾਅਲੀ ਵੋਟਰ ਨੂੰ ਸ਼ਾਮਲ ਨਾ ਹੋਣ ਦਿੱਤਾ ਜਾਵੇ ਅਤੇ ਕਿਸੇ ਵੀ ਅਸਲੀ ਵੋਟਰ ਨੂੰ ਵੋਟਰ ਸੂਚੀਆਂ ਵਿੱਚੋਂ ਨਾ ਹਟਾਇਆ ਜਾਵੇ।
ਪਨਗ੍ਰੇਨ ਨੇ ਸਭ ਤੋਂ ਵੱਧ 60.01 ਲੱਖ ਟਨ ਫ਼ਸਲ ਖ਼ਰੀਦੀ
ਪੰਜਾਬ ਦੀਆਂ ਮੰਡੀਆਂ ਵਿੱਚ ਖਰੀਦੀ ਗਈ 141 ਲੱਖ ਟਨ ਝੋਨੇ ਦੀ ਫ਼ਸਲ ’ਚੋਂ ਪਨਗ੍ਰੇਨ ਨੇ ਸਭ ਤੋਂ ਵੱਧ 60.01 ਲੱਖ ਟਨ ਫ਼ਸਲ ਖ਼ਰੀਦੀ ਹੈ। ਇਸ ਤੋਂ ਇਲਾਵਾ ਮਾਰਕਫੈੱਡ ਨੇ 36.02 ਲੱਖ ਟਨ, ਪਨਸਪ ਨੇ 29.41 ਲੱਖ ਟਨ, ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ 15.97 ਲੱਖ ਟਨ ਅਤੇ ਐੱਫ ਸੀ ਆਈ ਨੇ 39,489 ਟਨ ਝੋਨੇ ਦੀ ਫ਼ਸਲ ਖ਼ਰੀਦੀ ਹੈ।
