ਇਨਕਲਾਬੀ ਲਹਿਰ ਦੇ ਕਾਮਰੇਡ ਠਾਣਾ ਸਿੰਘ ਦਾ ਦੇਹਾਂਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਗਸਤ
ਕਮਿਊਨਿਸਟ ਇਨਕਲਾਬੀ ਲਹਿਰ ਦੇ ਆਗੂ ਕਾਮਰੇਡ ਠਾਣਾ ਸਿੰਘ ਦਾ ਦੇਹਾਂਤ ਹੋ ਗਿਆ ਹੈ। ਮੁਕਤਸਰ ਜ਼ਿਲ੍ਹੇ ਦੇ ਪਿੰਡ ਭਲਾਈਆਣਾ ਦੇ ਕਾਮਰੇਡ ਠਾਣਾ ਸਿੰਘ 81 ਵਰ੍ਹਿਆਂ ਦੇ ਸਨ। ਉਹ ਕਰੀਬ 55 ਵਰ੍ਹੇ ਰੂਪੋਸ਼ ਰਹੇ ਤੇ ਉਨ੍ਹਾਂ ਜ਼ਿੰਦਗੀ ਦੌਰਾਨ ਅਨੇਕਾਂ ਦੁਸ਼ਵਾਰੀਆਂ ਝੱਲੀਆਂ। ਇਨਕਲਾਬੀ ਮੈਗਜ਼ੀਨ ‘ਸੁਰਖ਼ ਲੀਹ’ ਦੇ ਸੰਪਾਦਕ ਪਾਵੇਲ ਕੁੱਸਾ ਨੇ ਦੱਸਿਆ ਕਿ ਕਾਮਰੇਡ ਠਾਣਾ ਸਿੰਘ ਘਾਤਕ ਬਿਮਾਰੀ ਨਾਲ ਪੀੜਤ ਸਨ। ਠਾਣਾ ਸਿੰਘ ਕਮਿਊਨਿਸਟ ਇਨਕਲਾਬੀ ਜਥੇਬੰਦੀ ਸੀਪੀਆਰ ਸੀਆਈ (ਐਮਐਲ) ਦੀ ਸੂਬਾ ਕਮੇਟੀ ਦੇ ਮੈਂਬਰ ਸਨ। ਕਾਮਰੇਡ ਦੇ ਵਿਛੋੜੇ ਕਾਰਨ ਸਮੁੱਚੀ ਇਨਕਲਾਬੀ ਲਹਿਰ ਨੂੰ ਵੱਡਾ ਘਾਟਾ ਪਿਆ ਹੈ ਕਿਉਂਕਿ ਠਾਣਾ ਸਿੰਘ ਨੇ ਪੇਸ਼ਾਵਰ ਇਨਕਲਾਬੀ ਵਜੋਂ ਆਪਣੀ ਊਰਜਾ ਤੇ ਸਮਰੱਥਾ ਨੂੰ ਲਹਿਰ ਦੇ ਲੇਖੇ ਲਾਇਆ। ਉਨ੍ਹਾਂ ਅੰਤਿਮ ਸਾਹਾਂ ਤੱਕ ਇਨਕਲਾਬੀ ਭਾਵਨਾ ਦੀ ਮਸ਼ਾਲ ਬਲਦੀ ਰੱਖੀ। ਠਾਣਾ ਸਿੰਘ ਨੇ ਸਿਆਸੀ ਜੀਵਨ ਦੀ ਸ਼ੁਰੂਆਤ ਸੱਠਵੇਂ ਦਹਾਕੇ ਦੇ ਅੱਧ ਦੌਰਾਨ ਕੀਤੀ। ਨਕਸਲਬਾੜੀ ਬਗ਼ਾਵਤ ਮਗਰੋਂ ਐੱਮ.ਏ ਅੰਗਰੇਜ਼ੀ ਦੀ ਪੜ੍ਹਾਈ ਤਿਆਗ ਕੇ ਠਾਣਾ ਸਿੰਘ ਇਨਕਲਾਬ ਦੇ ਮਿਸ਼ਨ ’ਚ ਕੁੱਦ ਪਏ ਅਤੇ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ। ਉਹ ਕਾਮਰੇਡ ਹਰਭਜਨ ਸੋਹੀ ਦੀ ਅਗਵਾਈ ਵਿਚ ਜਥੇਬੰਦ ਹੋਈ ਪੰਜਾਬ ਕਮਿਊਨਿਸਟ ਇਨਕਲਾਬੀ ਕਮੇਟੀ ਦੀ ਮੁੱਢਲੀ ਟੀਮ ਵਿਚ ਸ਼ਾਮਲ ਸਨ। ਉਨ੍ਹਾਂ ਪੰਜ ਦਹਾਕੇ ਵੱਖ-ਵੱਖ ਪੱਧਰਾਂ ’ਤੇ ਤਨਦੇਹੀ ਨਾਲ ਕੰਮ ਕੀਤਾ। ਇੱਕ ਦਹਾਕੇ ਦੌਰਾਨ ਉਹ ਯੂਸੀਸੀਆਰਆਈ (ਮ.ਲ) ਦੀ ਪੰਜਾਬ ਕਮੇਟੀ ਦੇ ਸਕੱਤਰ ਤੇ ਕੇਂਦਰੀ ਕਮੇਟੀ ਦੇ ਮੈਂਬਰ ਰਹੇ। ਉਨ੍ਹਾਂ ਫਿਰ ਸੀਸੀਆਰਆਈ ਅਤੇ ਸੀਪੀਆਰਸੀਆਈ (ਮ.ਲ) ਦੇ ਕੇਂਦਰੀ ਹੈਡਕੁਆਰਟਰ ’ਤੇ ਜ਼ਿੰਮੇਵਾਰੀਆਂ ਨਿਭਾਈਆਂ। ਪਾਰਟੀ ਜਥੇਬੰਦੀ ਨੇ ਕਾਮਰੇਡ ਠਾਣਾ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸੂਹੇ ਝੰਡੇ ’ਚ ਲਪੇਟ ਕੇ ਵਿਦਾ ਕੀਤਾ।