ਸੀਬੀਐੱਸਈ ਦੀਆਂ ਫ਼ਰਜ਼ੀ ਵੈੱਬਸਾਈਟਾਂ ਬਾਰੇ ਸ਼ਿਕਾਇਤਾਂ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਦੀਆਂ ਫਰਜ਼ੀ ਵੈੱਬਸਾਈਟਾਂ ਕਾਰਨ ਵਿਦਿਆਰਥੀ ਗੁੰਮਰਾਹ ਹੋ ਰਹੇ ਹਨ। ਕਈ ਸ਼ਰਾਰਤੀ ਅਨਸਰਾਂ ਨੇ ਇਨ੍ਹਾਂ ਵੈਬਸਾਈਟਾਂ ਜ਼ਰੀਏ ਵਿਦਿਆਰਥੀਆਂ ਨਾਲ ਧੋਖਾਧੜੀ ਕਰ ਕੇ ਪੈਸੇ ਵੀ ਵਸੂਲੇ ਹਨ। ਇਸ ਸਬੰਧੀ ਸੀਬੀਐੱਸਈ ਨੇ ਅੱਜ ਸਕੂਲਾਂ ਨੂੰ ਪੱਤਰ ਜਾਰੀ ਕਰ ਕੇ ਚੌਕਸ ਕੀਤਾ ਹੈ ਕਿ ਵਿਦਿਆਰਥੀ ਅਜਿਹੀਆਂ ਫਰਜ਼ੀ ਵੈੱਬਸਾਈਟਾਂ ’ਤੇ ਨਾ ਜਾਣ ਤੇ ਸਿਰਫ ਸੀਬੀਐੱਸਈ ਦੀ ਅਧਿਕਾਰਤ ਵੈਬਸਾਈਟ ਤੋਂ ਹੀ ਜਾਣਕਾਰੀ ਹਾਸਲ ਕਰਨ। ਬੋਰਡ ਨੇ ਸਕੱਤਰ ਨੇ ਪੱਤਰ ਜਾਰੀ ਕਰ ਕੇ ਕਿਹਾ ਕਿ ਇਨ੍ਹਾਂ ਅਣਅਧਿਕਾਰਤ ਵੈੱਬਸਾਈਟਾਂ ਦਾ ਸੀਬੀਐੱਸਈ ਨਾਲ ਕੋਈ ਸਬੰਧ ਨਹੀਂ ਹੈ। ਜਾਣਕਾਰੀ ਅਨੁਸਾਰ ਸੀਬੀਐੱਸਈ ਵਰਗੀਆਂ ਲਗਦੀਆਂ ਕਈ ਵੈਬਸਾਈਟਾਂ ’ਤੇ ਡੁਪਲੀਕੇਟ ਦਸਤਾਵੇਜ਼ ਹਾਸਲ ਕਰਨ ਲਈ ਪੈਸੇ ਮੰਗੇ ਜਾ ਰਹੇ ਹਨ। ਇਸ ਤੋਂ ਇਲਾਵਾ ਸਰਟੀਫਿਕਟਾਂ ਵਿਚ ਸੋਧ ਕਰਵਾਉਣ ਲਈ ਲਿੰਕ ਦਿੱਤੇ ਜਾ ਰਹੇ ਹਨ ਤੇ ਇਨ੍ਹਾਂ ਲਿੰਕਾਂ ’ਤੇ ਕਲਿੱਕ ਕਰਨ ’ਤੇ ਫੀਸ ਅਦਾ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਸਬੰਧੀ ਵੀ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ। ਬੋਰਡ ਨੇ ਪੱਤਰ ਵਿੱਚ ਕਿਹਾ ਹੈ ਕਿ ਇਸ ਸਬੰਧੀ ਸੀਬੀਐੱਸਈ ਨੂੰ ਕਈ ਸ਼ਿਕਾਇਤਾਂ ਮਿਲੀਆਂ ਹਨ। ਇਸ ਤੋਂ ਬਾਅਦ ਬੋਰਡ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੇ ਸਰੋਤਾਂ ’ਤੇ ਕਲਿੱਕ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੈਸੇ ਪੱਖੋਂ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਬੋਰਡ ਦੇ ਸਕੱਤਰ ਨੇ ਕਿਹਾ ਕਿ ਸੀਬੀਐੱਸਈ ਦੀ ਵੈੱਬਸਾਈਟ ਸੀਬੀਐੱਸਈ.ਗੌਵ.ਇਨ ਰਾਹੀਂ ਕੋਈ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਖੇਤਰੀ ਦਫ਼ਤਰ ਵੀ ਜਲਦੀ ਹੀ ਦਿਸ਼ਾ ਨਿਰਦੇਸ਼ ਜਾਰੀ ਕਰਨਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਬੋਰਡ ਨੇ ਅਜਿਹੀਆਂ ਵੈੱਬਸਾਈਟਾਂ ’ਤੇ ਵੀ ਕਾਰਵਾਈ ਕਰਨ ਲਈ ਕਿਹਾ ਹੈ ਜਿਸ ਤੋਂ ਬਾਅਦ ਜ਼ਿਆਦਾਤਰ ਵੈੱਬਸਾਈਟਾਂ ਹਟਾ ਦਿੱਤੀਆਂ ਗਈਆਂ ਹਨ।