ਅੰਮ੍ਰਿਤਧਾਰੀ ਸਰਪੰਚ ਨੂੰ ਲਾਲ ਕਿਲੇ ’ਚ ਜਾਣ ਤੋਂ ਰੋਕਣ ਵਾਲੇ ਏਸੀਪੀ ਖ਼ਿਲਾਫ਼ ਸ਼ਿਕਾਇਤ
ਭਾਜਪਾ ਦੇ ਕੌਮੀ ਬੁਲਾਰੇ ਅਤੇ ਦਿੱਲੀ ਦੇ ਸਾਬਕਾ ਵਿਧਾਇਕ ਆਰਪੀ ਸਿੰਘ ਨੇ ਕਾਲਸਣਾ ਪਿੰਡ ਦੇ ਸਰਪੰਚ ਗੁਰਧਿਆਨ ਸਿੰਘ ਨਾਲ ਵੀਡੀਓ ਕਾਨਫਰੰਸ ਕੀਤੀ। ਇਸ ਮੌਕੇ ਆਰਪੀ ਸਿੰਘ ਨੇ ਸਰਪੰਚ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਏਸੀਪੀ ਸ਼ਸ਼ੀ ਕਾਂਤ ਖ਼ਿਲਾਫ਼ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਉਨ੍ਹਾਂ ਗੁਰਧਿਆਨ ਸਿੰਘ ਨੂੰ ਸ਼ਿਕਾਇਤ ਦੀ ਕਾਪੀ ਭੇਜਦੇ ਹੋਏ ਦਿੱਲੀ ਪੁਲੀਸ ਕੇਂਦਰੀ ਰੇਂਜ ਦੇ ਸੰਯੁਕਤ ਕਮਿਸ਼ਨਰ ਨਾਲ ਵੀ ਗੱਲ ਕਰਵਾਈ। ਸੰਯੁਕਤ ਕਮਿਸ਼ਨਰ ਮਧੁਰ ਵਰਮਾ ਨੇ ਸਰਪੰਚ ਦੀ ਗੱਲਬਾਤ ਸੁਣ ਕੇ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਰਪੰਚ ਗੁਰਧਿਆਨ ਸਿੰਘ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਕੰਮ ਸਦਕਾ ਸਨਮਾਨ ਦੇਣ ਲਈ ਕੇਂਦਰ ਸਰਕਾਰ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਦਿੱਲੀ ਸੱਦਿਆ ਗਿਆ ਸੀ। ਉਨ੍ਹਾਂ ਨੂੰ 14 ਅਗਸਤ ਨੂੰ ਸਨਮਾਨਿਆ ਗਿਆ ਅਤੇ 15 ਅਗਸਤ ਨੂੰ ਲਾਲ ਕਿਲੇ ਦੀ ਪਰੇਡ ਲਈ ਵਿਸ਼ੇਸ਼ ਪਾਸ ਦਿੱਤਾ ਗਿਆ ਪਰ ਲਾਲ ਕਿਲੇ ਦੇ ਗੇਟ ’ਤੇ ਉਨ੍ਹਾਂ ਨੂੰ ਸਿਰੀ ਸਾਹਿਬ ਨਾਲ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਸੀ। ਆਰਪੀ ਸਿੰਘ ਨੇ ਮੰਨਿਆ ਕਿ ਇਹ ਬਹੁਤ ਸੰਗੀਨ ਮਾਮਲਾ ਹੈ। ਇਸ ਕਾਰਨ ਉਨ੍ਹਾਂ ਨੇ ਖ਼ੁਦ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਸੰਯੁਕਤ ਕਮਿਸ਼ਨਰ ਕੋਲੋਂ ਅੱਗੇ ਨੂੰ ਸਿੱਖਾਂ ਦੇ ਸੰਵਿਧਾਨਕ ਅਤੇ ਧਾਰਮਿਕ ਹੱਕਾਂ ਦੇ ਸਤਿਕਾਰ ਕਰਨ ਅਤੇ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਪੁਲੀਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਸੰਯੁਕਤ ਕਮਿਸ਼ਨਰ ਨੇ ਮਾਮਲੇ ਵਿੱਚ ਪੜਤਾਲ ਦੇ ਆਦੇਸ਼ ਦੇ ਦਿੱਤੇ ਹਨ।