ਵੇਰਕਾ ਆਊਟਸੋਰਸਡ ਯੂਨੀਅਨ ਦੇ ਮਸਲਿਆਂ ਦੇ ਹੱਲ ਲਈ ਬਣੇਗੀ ਕਮੇਟੀ
ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਵੇਰਕਾ ਮਿਲਕ ਅਤੇ ਕੈਟਲ ਫੀਡ ਪਲਾਂਟ ਆਊਟਸੋਰਸਡ ਮੁਲਜ਼ਮ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਵਿੱਤ ਮੰਤਰੀ ਨੇ ਯੂਨੀਅਨ ਦੀਆਂ ਮੰਗਾਂ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਸ੍ਰੀ ਚੀਮਾ ਨੇ ਯੂਨੀਅਨ ਦੀਆਂ ਜਾਇਜ਼ ਮੰਗਾਂ ਸਬੰਧੀ ਮਿਲਕਫੈੱਡ ਦੇ ਅਧਿਕਾਰੀਆਂ ਨੂੰ ਉੱਚ-ਪੱਧਰੀ ਕਮੇਟੀ ਬਣਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਯੂਨੀਅਨ ਦੇ ਮੁੱਦਿਆਂ ਦੇ ਹੱਲ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਨੁਮਾਇੰਦਿਆਂ ਦੀ ਕਮੇਟੀ ਬਣਾਈ ਜਾਵੇ, ਜਿਸ ਵਿੱਚ ਵਿੱਤ ਵਿਭਾਗ ਦਾ ਇਕ ਸੀਨੀਅਰ ਅਧਿਕਾਰੀ, ਮਿਲਕਫੈੱਡ ਦੇ ਚੇਅਰਮੈਨ, ਮਿਲਕਫੈੱਡ ਦੇ ਐੱਮ.ਡੀ, ਮਿਲਕਫੈੱਡ ਦੇ ਡਾਇਰੈਕਟਰ, ਜਨਰਲ ਮੈਨੇਜਰ ਐੱਚ ਆਰ ਮਿਲਕਫੈੱਡ, ਮੈਨੇਜਰ ਵਿੱਤ ਅਤੇ ਯੂਨੀਅਨ ਦੇ ਦੋ ਨੁਮਾਇੰਦੇ ਸ਼ਾਮਲ ਕੀਤੇ ਜਾਣ।
ਸ੍ਰੀ ਚੀਮਾ ਨੇ ਨਵ-ਗਠਿਤ ਕਮੇਟੀ ਨੂੰ ਯੂਨੀਅਨ ਦੇ ਮੁੱਦਿਆਂ ਦੇ ਹੱਲ ਲਈ ਵਿਸ਼ੇਸ਼ ਪ੍ਰਸਤਾਵ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਇਸ ਪ੍ਰਸਤਾਵ ਨੂੰ ਜਲਦ ਅਤੇ ਠੋਸ ਹੱਲ ਲਈ ਬਾਅਦ ਵਿੱਚ ਕੈਬਨਿਟ ਸਬ-ਕਮੇਟੀ ਨੂੰ ਭੇਜਿਆ ਜਾਵੇਗਾ। ਵਿੱਤ ਮੰਤਰੀ ਨੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ।
ਮੀਟਿੰਗ ਵਿੱਚ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ ਅਤੇ ਵਧੀਕ ਐਡਵੋਕੇਟ ਜਨਰਲ ਟੀ.ਪੀ.ਐੱਸ ਵਾਲੀਆ ਸ਼ਾਮਲ ਸਨ। ਯੂਨੀਅਨ ਵੱਲੋਂ ਪਵਨਦੀਪ ਸਿੰਘ ਅਤੇ ਜਸਬੀਰ ਸਿੰਘ ਮੌਜੂਦ ਰਹੇ।