ਪਤਨੀ ਤੋਂ ਪ੍ਰੇਸ਼ਾਨ ਹੋ ਕੇ ਜਾਨ ਦਿੱਤੀ
ਪਿੰਡ ਹਾਂਸ ਕਲਾਂ ਵਿੱਚ ਪਤਨੀ ਤੋਂ ਦੁਖੀ ਪਤੀ ਨੇ ਕਥਿਤ ਤੌਰ ’ਤੇ ਕੀਟਨਾਸ਼ਕ ਪੀ ਕੇ ਜਾਨ ਦੇ ਦਿੱਤੀ। ਮ੍ਰਿਤਕ ਦੀ ਪਛਾਣ ਪਿਆਰਾ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਪਿਆਰਾ ਸਿੰਘ ਦੇ ਭਰਾ ਦੇ ਬਿਆਨਾਂ ’ਤੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਸਾਥੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮ੍ਰਿਤਕ ਦੇ ਭਰਾ ਬਲਦੇਵ ਸਿੰਘ ਵਾਸੀ ਪਿੰਡ ਹਾਂਸ ਕਲਾਂ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਭਰਾ ਪਿੰਡ ਤਲਵੰਡੀ ਰਾਏ (ਰਾਏਕੋਟ) ਦੀ ਪਿੰਕੀ ਨਾਲ ਵਿਆਹਿਆ ਹੋਇਆ ਸੀ। ਉਸ ਦੇ ਦੋ ਬੱਚੇ ਲੜਕਾ ਅਤੇ ਲੜਕੀ ਹਨ। ਲਗਪਗ ਮਹੀਨਾ ਪਹਿਲਾਂ ਪਿੰਕੀ ਦੋਵੇਂ ਬੱਚੇ ਛੱਡ ਕੇ ਪਿੰਡ ਵੜੈਚ ਦੇ ਵਾਸੀ ਕਰਨ ਨਾਲ ਰਹਿਣ ਲੱਗ ਪਈ। ਇਸ ਗੱਲੋਂ ਦੁਖੀ ਪਿਆਰਾ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਨਾਲ ਵੀ ਸਪੰਰਕ ਕੀਤਾ ਪਰ ਕੋਈ ਹੱਲ ਨਾ ਨਿਕਲਿਆ। ਫਿਰ ਕੁੱਝ ਦਿਨ ਪਹਿਲਾਂ ਪਿਆਰਾ ਸਿੰਘ ਆਪਣੇ ਭਰਾ ਬਲਦੇਵ ਸਿੰਘ ਅਤੇ ਆਪਣੇ ਸਾਲੇ ਰਾਜਵਿੰਦਰ ਸਿੰਘ ਨੂੰ ਨਾਲ ਲੈ ਕੇ ਪਿੰਡ ਵੜੈਚ ਵੀ ਗਏ, ਜਿੱਥੇ ਪਿੰਕੀ ਅਤੇ ਉਸ ਦਾ ਸਾਥੀ ਕਰਨ ਰਹਿੰਦੇ ਸਨ। ਉੱਥੇ ਉਨ੍ਹਾਂ ਦੋਵਾਂ ਨੇ ਪਿਆਰਾ ਸਿੰਘ ਦੀ ਬੇਇੱਜ਼ਤੀ ਕੀਤੀ ਅਤੇ ਪਿੰਕੀ ਨੇ ਵਾਪਸ ਜਾਣ ਤੋਂ ਕੋਰੀ ਨਾਂਹ ਕਰ ਦਿੱਤੀ। ਪਿਆਰਾ ਸਿੰਘ ਪਤਨੀ ਪਿੰਕੀ ਅਤੇ ਉਸ ਦੇ ਸਾਥੀ ਕਰਨ ਵੱਲੋਂ ਕੀਤੀ ਜ਼ਲਾਲਤ ਨਾ ਸਹਾਰ ਸਕਿਆ ਤੇ 12 ਤੇ 13 ਨਵੰਬਰ ਦੀ ਦਰਮਿਆਨੀ ਰਾਤ ਨੂੰ ਕੀਟਨਾਸ਼ਕ ਪੀ ਕੇ ਜਾਨ ਦੇ ਦਿੱਤੀ।
ਥਾਣਾ ਸਦਰ ਨੇ ਬਲਦੇਵ ਸਿੰਘ ਦੇ ਬਿਆਨ ’ਤੇ ਪਿੰਕੀ ਅਤੇ ਕਰਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੋਵੇਂ ਹਾਲੇ ਗ੍ਰਿਫ਼ਤ ਤੋਂ ਬਾਹਰ ਹਨ।
