ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਦੀ ਟੀਮ ਵੱਲੋਂ ਪੰਜਾਬ ਦਾ ਦੌਰਾ ਜਲਦ
ਸਭ ਤੋਂ ਪਹਿਲਾਂ ਟੀਮ ਵੱਲੋਂ ਨਾਭਾ ਥਰਮਲ ਪਲਾਂਟ ਦਾ ਦੌਰਾ ਕੀਤਾ ਜਾਵੇਗਾ ਤਾਂ ਜੋ ਊਰਜਾ ਪੈਦਾ ਕਰਨ ਲਈ ਪਰਾਲੀ ਤੋਂ ਬਣੇ ਪੈਲੇਟਸ ਦੀ ਵਰਤੋਂ ਦੀ ਜਾਂਚ ਕੀਤੀ ਜਾ ਸਕੇ। ਇਸ ਤੋਂ ਬਾਅਦ ਟੀਮ ਸੰਗਰੂਰ ਵਿੱਚ ਇੱਕ ਜਰਮਨ ਕੰਪਨੀ ਦੀ ਮਲਕੀਅਤ ਵਾਲੇ ਬਾਇਓ-ਐਨਰਜੀ ਪਲਾਂਟ ਅਤੇ ਬਠਿੰਡਾ ਵਿੱਚ ਇੱਕ ਰਿਫਾਇਨਰੀ ਦਾ ਦੌਰਾ ਕਰੇਗੀ।
CAQM ਦੇ ਝੋਨਾ ਪਰਾਲੀ ਪ੍ਰਬੰਧਨ ਸੈੱਲ ਦੇ ਮੁਖੀ ਗੁਰਨਾਮ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਦੌਰਾ ਕਰਨ ਦਾ ਟੀਚਾ ਸੂਬੇ ਵਿੱਚ ਚੱਲ ਰਹੀਆਂ ਪਰਾਲੀ ਪ੍ਰਬੰਧਨ ਪਹਿਲਕਦਮੀਆਂ ਦੀ ਸਥਿਤੀ ਦਾ ਮੁਲਾਂਕਣ ਕਰਨਾ ਹੈ।
ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ ਸ਼ੁੱਕਰਵਾਰ ਨੂੰ ਇੱਕ ਤੀਹਰਾ ਕਾਰਜ ਯੋਜਨਾ ਦਾ ਸੁਝਾਅ ਦਿੱਤਾ ਸੀ ਅਤੇ ਪੰਜਾਬ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਪਰਾਲੀ ਸਾੜਨ ਵਿੱਚ ਸ਼ਾਮਲ ਕਿਸਾਨਾਂ ਵਿਰੁੱਧ ਇੱਕੋ ਸਮੇਂ ਐੱਫ.ਆਈ.ਆਰ. ਦਰਜ ਕਰਨ, ਜੁਰਮਾਨਾ ਲਗਾਉਣ ਅਤੇ ਮਾਲ ਰਿਕਾਰਡਾਂ ਵਿੱਚ ਲਾਲ ਇੰਦਰਾਜ਼ ਕੀਤੇ ਜਾਣ।
ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਗਿਰਾਵਟ
ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਵਧ ਰਹੇ ਰੁਝਾਨ ਨੂੰ ਦੇਖਣ ਤੋਂ ਬਾਅਦ ਅੱਜ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ, ਜਿਸ ਵਿੱਚ ਸੂਬੇ ਭਰ ਵਿੱਚ ਪਰਾਲੀ ਸਾੜਨ ਦੇ ਸਿਰਫ਼ 94 ਮਾਮਲਿਆਂ ਦੀ ਰਿਪੋਰਟ ਕੀਤੀ ਗਈ।
31 ਅਕਤੂਬਰ ਨੂੰ 442 ਦੇ ਸੀਜ਼ਨ ਦੇ ਸਭ ਤੋਂ ਉੱਚੇ ਅੰਕੜੇ ਨੂੰ ਛੂਹਣ ਤੋਂ ਬਾਅਦ ਇਹ ਸੰਖਿਆ ਐਤਵਾਰ ਨੂੰ ਘਟ ਕੇ 178, ਸੋਮਵਾਰ ਨੂੰ 256 ਹੋ ਗਈ ਅਤੇ ਮੰਗਲਵਾਰ ਨੂੰ ਫਿਰ 321 ਤੱਕ ਵੱਧ ਗਈ। ਜ਼ਿਕਰਯੋਗ ਹੈ ਕਿ 2000 ਮਾਮਲੇ ਇਕੱਲੇ ਪਿਛਲੇ ਅੱਠ ਦਿਨਾਂ ਵਿੱਚ ਦਰਜ ਕੀਤੇ ਗਏ ਸਨ।
ਪ੍ਰਦੂਸ਼ਣ ਕੰਟਰੋਲ ਅਥਾਰਟੀਆਂ ਨੇ ਵੀ ਮੰਗਲਵਾਰ ਅਤੇ ਅੱਜ ਕਿਸਾਨਾਂ ਵਿਰੁੱਧ ਜੁਰਮਾਨਾ ਲਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ 143 ਨਵੇਂ ਮਾਮਲਿਆਂ ਵਿੱਚ ਵਾਤਾਵਰਣ ਮੁਆਵਜ਼ਾ ਲਗਾਇਆ ਹੈ, ਜਿਸ ਨਾਲ ਇਹ ਗਿਣਤੀ 1152 ਹੋ ਗਈ ਹੈ ਅਤੇ 60 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਹੈ। ਪੁਲੀਸ ਨੇ 131 ਨਵੀਆਂ ਐੱਫ.ਆਈ.ਆਰ. ਦਰਜ ਕੀਤੀਆਂ ਹਨ, ਜਿਸ ਨਾਲ ਕੁੱਲ ਗਿਣਤੀ 896 ਹੋ ਗਈ ਹੈ। ਮਾਲ ਵਿਭਾਗ ਨੇ ਉਲੰਘਣਾ ਕਰਨ ਵਾਲਿਆਂ ਵਿਰੁੱਧ 141 ਤਾਜ਼ਾ ਮਾਮਲਿਆਂ ਸਮੇਤ ਕੁੱਲ 1087 ਲਾਲ ਇੰਦਰਾਜ਼ ਦਰਜ ਕੀਤੇ ਹਨ ।
ਗੁਰਪੁਰਬ ਦੀ ਜਨਤਕ ਛੁੱਟੀ ਕਾਰਨ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਤੇਜ਼ੀ ਆਉਣ ਦੀ ਉਮੀਦ ਵਿੱਚ ਅਧਿਕਾਰੀ ਪਹਿਲਾਂ ਤੋਂ ਚੌਕਸ ਸਨ। ਹਲਾਂਕਿ ਇਸ ਦਿਨ ਮੋਗਾ ਵਿੱਚ 18 ਘਟਨਾਵਾਂ, ਸੰਗਰੂਰ ਅਤੇ ਮੁਕਤਸਰ ਵਿੱਚ 16-16 ਘਟਨਾਵਾਂ ਦਰਜ ਕੀਤੀਆਂ ਗਈਆਂ। ਲੁਧਿਆਣਾ ਵਿੱਚ ਪਰਾਲੀ ਸਾੜਨ ਦੀਆਂ 10 ਘਟਨਾਵਾਂ ਸਾਹਮਣੇ ਆਈਆਂ।
ਹੁਣ ਤੱਕ ਪਰਾਲੀ ਸਾੜਨ ਦੇ ਮਾਮਲਿਆਂ ਦੀ ਕੁੱਲ ਗਿਣਤੀ 2933 'ਤੇ ਪਹੁੰਚ ਗਈ ਹੈ, ਜੋ ਪਿਛਲੇ ਸਾਲ ਨਾਲੋਂ 61 ਫੀਸਦੀ ਘੱਟ ਹੈ। ਪਿਛਲੇ ਸਾਲ ਇਸੇ ਸਮੇਂ ਦੌਰਾਨ 4755 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ।
ਇਸ ਸੀਜ਼ਨ ਦੇ ਜ਼ਿਆਦਾਤਰ ਮਾਮਲੇ ਸੰਗਰੂਰ (526), ਤਰਨਤਾਰਨ (509), ਫ਼ਿਰੋਜ਼ਪੁਰ (297), ਅੰਮ੍ਰਿਤਸਰ (254), ਬਠਿੰਡਾ (201), ਅਤੇ ਪਟਿਆਲਾ (168) ਵਿੱਚ ਦਰਜ ਕੀਤੇ ਗਏ ਹਨ।
