ਸਾਕਾ ਸਾਰਾਗੜ੍ਹੀ ਦੀ ਵਰ੍ਹੇਗੰਢ ’ਤੇ ਹੋਣਗੇ ਯਾਦਗਾਰੀ ਸਮਾਗਮ
ਸਾਰਾਗੜ੍ਹੀ ਫਾਊਂਡੇਸ਼ਨ ਨੇ ਸਾਕਾ ਸਾਰਾਗੜ੍ਹੀ ਦੀ 128ਵੀਂ ਵਰ੍ਹੇਗੰਢ ਮੌਕੇ ਨੌਜਵਾਨਾਂ ਅਤੇ ਬੱਚਿਆਂ ਨੂੰ 36 ਸਿੱਖ ਰੈਜੀਮੈਂਟ ਦੇ ਬਹਾਦਰ 21 ਸਿੱਖ ਫ਼ੌਜੀਆਂ ਦੀ ਲਾਸਾਨੀ ਕੁਰਬਾਨੀ ਬਾਰੇ ਦੱਸਣ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਯਾਦਗਾਰੀ ਸਮਾਗਮ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਸਮਾਗਮਾਂ ਵਿੱਚ ਬ੍ਰਿਟਿਸ਼ ਆਰਮੀ ਦੇ ਅਫ਼ਸਰਾਂ ਦਾ 13 ਮੈਂਬਰੀ ਵਫ਼ਦ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਵੇਗਾ। ਸਾਰਾਗੜ੍ਹੀ ਫਾਊਂਡੇਸ਼ਨ ਦੇ ਮੀਡੀਆ ਸਲਾਹਕਾਰ ਰਣਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਡਾ. ਗੁਰਿੰਦਰਪਾਲ ਸਿੰਘ ਜੋਸਨ ਅਤੇ ਪ੍ਰਧਾਨ ਜਤਿੰਦਰ ਸਿੰਘ ਅਰੋੜਾ ਦੀ ਅਗਵਾਈ ਹੇਠ ਸਮਾਗਮ ਦੋ ਨਵੰਬਰ ਨੂੰ ਅੰਮ੍ਰਿਤਸਰ ਤੋਂ ਆਰੰਭ ਹੋਣਗੇ।
3 ਨਵੰਬਰ ਨੂੰ ਬ੍ਰਿਟਿਸ਼ ਆਰਮੀ ਅਫ਼ਸਰਾਂ ਦਾ ਡੈਲੀਗੇਟ ਸੱਚਖੰਡ ਹਰਿਮੰਦਰ ਸਾਹਿਬ ’ਚ ਨਤਮਸਤਕ ਹੋਵੇਗਾ ਅਤੇ ਲੰਗਰ ਦੀ ਸੇਵਾ ਵਿੱਚ ਵੀ ਹਿੱਸਾ ਲਵੇਗਾ। 4 ਨਵੰਬਰ ਨੂੰ ਖਾਲਸਾ ਕਾਲਜ ਅੰਮ੍ਰਿਤਸਰ, ਚੀਫ਼ ਖਾਲਸਾ ਦੀਵਾਨ, ਫੋਰ ਐੱਸ ਐੱਸ ਸਕੂਲ, ਪੰਜਾਬ ਸਟੇਟ ਵਾਰ ਮੈਮੋਰੀਅਲ ਅਤੇ ਗੋਲਡਨ ਗੇਟ ਅੰਮ੍ਰਿਤਸਰ ’ਚ ਸਾਰਾਗੜ੍ਹੀ ਫਾਊਡੇਸ਼ਨ ਵੱਲੋਂ ਬਣਾਏ ਸ਼ਹੀਦੀ ਯਾਗਦਾਰ ’ਤੇ ਸਮਾਗਮ ਹੋਣਗੇ। 5 ਨਵੰਬਰ ਨੂੰ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਧੁੰਨ ਅਤੇ ਫ਼ਿਰੋਜ਼ਪੁਰ ਸ਼ਹਿਰ, 6 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਤੇ ਨਵਾਂ ਸ਼ਹਿਰ ਅਤੇ 7 ਤੋਂ 9 ਨਵੰਬਰ ਤੱਕ ਇਹ ਵਫ਼ਦ ਚੰਡੀਗੜ੍ਹ ਵਿੱਚ ਹੋਣ ਵਾਲੇ ਆਰਮੀ ਲਿਟਰੇਚਰ ਫੈਸਟ ਵਿੱਚ ਵੀ ਹਿੱਸਾ ਲਵੇਗਾ।
