ਠੰਢ ਨੇ ਜ਼ੋਰ ਫੜਿਆ; ਫ਼ਰੀਦਕੋਟ ਸਭ ਤੋਂ ਠੰਢਾ
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਠੰਢ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ, ਜਿੱਥੇ ਰਾਤ ਦੇ ਨਾਲ-ਨਾਲ ਦਿਨ ਵੇਲੇ ਵੀ ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਹੈ। ਅੱਜ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਰਾਤ ਸਮੇਂ ਦਾ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੀ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ।
ਪੰਜਾਬ ਵਿੱਚ ਸਭ ਤੋਂ ਠੰਢਾ ਸ਼ਹਿਰ ਫਰੀਦਕੋਟ ਰਿਹਾ, ਜਿੱਥੇ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ ਤਿੰਨ-ਚਾਰ ਦਿਨਾਂ ਵਿੱਚ ਠੰਢ ਦੇ ਹੋਰ ਵਧਣ ਅਤੇ ਤਾਪਮਾਨ ਡਿੱਗਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਦਿਨ ਸਮੇਂ ਠੰਢੀਆਂ ਹਵਾਵਾਂ ਚੱਲ ਸਕਦੀਆਂ ਹਨ, ਜਿਸ ਨਾਲ ਦਿਨ ਸਮੇਂ ਦੇ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਹੋ ਸਕਦੀ ਹੈ। ਮੌਸਮ ਵਿਗਿਆਨੀਆਂ ਨੇ ਲੋਕਾਂ ਨੂੰ ਸਵੇਰ ਅਤੇ ਸ਼ਾਮ ਸਮੇਂ ਘਰੋਂ ਬਾਹਰ ਨਿਕਲਣ ਸਮੇਂ ਛਾਤੀ ਅਤੇ ਸਿਰ ਮੋਟੇ ਕੱਪੜਿਆਂ ਨਾਲ ਢੱਕਣ ਦੀ ਸਲਾਹ ਦਿੱਤੀ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 7.9 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 9.7 ਡਿਗਰੀ, ਲੁਧਿਆਣਾ ਵਿੱਚ 8.4 ਡਿਗਰੀ, ਪਟਿਆਲਾ ਵਿੱਚ 8.9 ਡਿਗਰੀ, ਪਠਾਨਕੋਟ ਵਿੱਚ 8.4 ਡਿਗਰੀ, ਬਠਿੰਡਾ ਵਿੱਚ 7.4 ਡਿਗਰੀ, ਗੁਰਦਾਸਪੁਰ ਵਿੱਚ 8 ਡਿਗਰੀ, ਨਵਾਂ ਸ਼ਹਿਰ ਵਿੱਚ 9.2 ਡਿਗਰੀ, ਫਿਰੋਜ਼ਪੁਰ ਵਿੱਚ 8.8 ਡਿਗਰੀ, ਹੁਸ਼ਿਆਰਪੁਰ ਵਿੱਚ 8 ਡਿਗਰੀ, ਮਾਨਸਾ ਵਿੱਚ 10 ਡਿਗਰੀ, ਮੁਹਾਲੀ ’ਚ 10.9 ਡਿਗਰੀ ਅਤੇ ਰੋਪੜ ਵਿੱਚ 7.6 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਤਾਪਮਾਨ ਆਮ ਨਾਲੋਂ ਇੱਕ ਤੋਂ ਤਿੰਨ ਡਿਗਰੀ ਤੱਕ ਘੱਟ ਦਰਜ ਕੀਤਾ ਗਿਆ ਹੈ।
