ਨਾਭਾ ਵਿੱਚ ਪੁਲੀਸ ਤੇ ਕਿਸਾਨਾਂ ਦਰਮਿਆਨ ਝੜਪ
ਨਾਭਾ ਵਿਚ ਅੱਜ ਕਿਸਾਨ ਯੂਨੀਅਨ ਤੇ ਪੁਲੀਸ ਦਰਮਿਆਨ ਝੜਪ ਹੋਈ। ਕਿਸਾਨਾਂ ਨੇ ਦੋਸ਼ ਲਾਇਆ ਕਿ ਨਾਭਾ ਪੁਲੀਸ ਨੇ ਟਰੈਕਟਰ ਟਰਾਲੀਆਂ ਚੋਰੀ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ। ਉਨ੍ਹਾਂ ਵਲੋਂ ਨਾਭਾ ਡੀਐਸਪੀ ਦਫਤਰ ਦੇ ਬਾਹਰ ਡੀਐਸਪੀ ਦੀ ਗੱਡੀ ਦਾ ਘਿਰਾਓ ਕੀਤਾ ਗਿਆ ਜਿਸ ਦੌਰਾਨ ਕਿਸਾਨਾਂ ਤੇ ਪੁਲੀਸ ਦਰਮਿਆਨ ਹੱਥੋਪਾਈ ਤੇ ਖਿੱਚਧੂਹ ਹੋਈ। ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲੀਸ ਵੱਲੋਂ ਉਨ੍ਹਾਂ ਦੀਆਂ ਟਰੈਕਟਰ ਟਰਾਲੀਆਂ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਾ ਕੀਤਾ ਜਿਸ ’ਤੇ ਉਨ੍ਹਾਂ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲੀਸ ਨੇ ਦੱਸਿਆ ਕਿ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਉਨ੍ਹਾਂ ਦੇ ਦਫ਼ਤਰ ਰੋਡ ’ਤੇ ਜਾਮ ਲਗਾ ਦਿੱਤਾ ਅਤੇ ਸਥਾਨਕ ਮਹਿਲਾ ਡੀਐਸਪੀ ਨਾਲ ਵੀ ਮਾੜਾ ਵਿਹਾਰ ਕੀਤਾ।
ਨਾਭਾ ਦੀ ਡੀਐਸਪੀ ਮਨਦੀਪ ਕੌਰ ਦੇ ਦਫ਼ਤਰ ਦੇ ਬਾਹਰ ਤਕਰਾਰ ਉਦੋਂ ਵਧ ਗਈ ਜਦੋਂ ਇਹ ਡੀਐਸਪੀ ਜਾਣ ਲੱਗੀ ਤੇ ਕਿਸਾਨਾਂ ਨੇ ਉਸ ਦਾ ਘਿਰਾਓ ਕਰ ਦਿੱਤਾ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਪੁਲੀਸ ਨਾਲ ਝੜਪ ਹੋ ਗਈ ਜਿਸ ਕਾਰਨ ਦੋਵਾਂ ਧਿਰਾਂ ਨੂੰ ਕੁਝ ਸੱਟਾਂ ਲੱਗੀਆਂ। ਇਸ ਝਗੜੇ ਦੌਰਾਨ ਜਿੱਥੇ ਕੁਝ ਕਿਸਾਨ ਜ਼ਖ਼ਮੀ ਹੋਏ, ਉੱਥੇ ਹੀ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ।