ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਨਾਹੇੜੀ ਦੀ ਸਰਪੰਚ ਤੇ ਪ੍ਰਸ਼ਾਸਨ ਵਿਚਾਲੇ ਰੇੜਕਾ/ਡੀਡੀਪੀਓ ਵੱਲੋਂ ਪੰਜ ਪੰਚਾਇਤ ਮੈਂਬਰ ਮੁਅੱਤਲ

ਪੰਚਾਇਤ ਨੇ ਕਿਸੇ ਨੂੰ ਆਰਜ਼ੀ ਸਕੱਤਰ ਥਾਪ ਕੇ ਮਤਾ ਪਾਇਆ/ੰਚਾਇਤ ਸਕੱਤਰ ’ਤੇ ਮੀਟਿੰਗਾਂ ’ਚ ਨਾ ਆਉਣ ਦੇ ਦੋਸ਼
Advertisement

ਮੋਹਿਤ ਸਿੰਗਲਾ

ਨਾਭਾ, 24 ਜੂਨ

Advertisement

ਪਿੰਡ ਬਿਨਾਹੇੜੀ ਵਿੱਚ ਸਰਪੰਚ ਅਤੇ ਸਥਾਨਕ ਪ੍ਰਸ਼ਾਸਨ ਵਿਚਾਲੇ ਚੱਲਦੇ ਰੇੜਕੇ ਦਰਮਿਆਨ ਡੀਡੀਪੀਓ ਨੇ ਪੰਜ ਪੰਚਾਇਤ ਮੈਂਬਰ ਮੁਅੱਤਲ ਕਰ ਦਿੱਤੇ ਹਨ। ਪਿੰਡ ’ਚ ਮਾਹੌਲ ਇੰਨਾ ਭਖ ਗਿਆ ਕਿ ਕੱਲ੍ਹ ਪੰਚਾਇਤ ਨੇ ਪੰਚਾਇਤ ਸਕੱਤਰ ਦੀ ਗੈਰ-ਹਾਜ਼ਰੀ ’ਚ ਕਿਸੇ ਪਿੰਡ ਵਾਸੀ ਨੂੰ ਹੀ ਆਰਜ਼ੀ ਸਕੱਤਰ ਥਾਪ ਕੇ ਪੰਚਾਇਤੀ ਮਤਾ ਪਾਸ ਕਰ ਦਿੱਤਾ। ਜਾਣਕਾਰੀ ਅਨੁਸਾਰ 159 ਏਕੜ ਸ਼ਾਮਲਾਟ ਵਾਲੇ ਪਿੰਡ ਦੇ ਪੰਜ ਪੰਚਾਇਤ ਮੈਂਬਰਾਂ ਵੱਲੋਂ ਸਰਪੰਚ ਜਸਵਿੰਦਰ ਕੌਰ ਨੂੰ ਪਿੰਡ ਹਿੱਤ ਵਿੱਚ ਨਾ ਦੱਸਦੇ ਹੋਏ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਨਾਭਾ ਦੇ ਬੀਡੀਪੀਓ ਨੇ ਡੀਡੀਪੀਓ ਨੂੰ ਪੱਤਰ ਲਿਖ ਕੇ ਸਰਪੰਚ ਹਟਾ ਕੇ ਪ੍ਰਬੰਧਕ ਲਗਾਉਣ ਦੀ ਸਿਫ਼ਾਰਸ਼ ਕਰ ਦਿੱਤੀ। ਡੀਡੀਪੀਓ ਪਟਿਆਲਾ ਕੋਲ ਚੱਲੇ ਇਸ ਕੇਸ ਦੌਰਾਨ ਡੀਡੀਪੀਓ ਨੇ ਪੰਚਾਇਤ ਮੈਂਬਰਾਂ ਨੂੰ ਹੀ ਪਿੰਡ ਦੇ ਵਿਕਾਸ ਕਾਰਜਾਂ ’ਚ ਰੁਕਾਵਟ ਪਾਉਣ ਲਈ ਮੁਅੱਤਲ ਕਰ ਦਿੱਤਾ। ਪਿੰਡ ਦੀ ਸਰਪੰਚ ਜਸਵਿੰਦਰ ਕੌਰ ਨੇ ਰੋਸ ਪ੍ਰਗਟਾਇਆ ਕਿ ਪਹਿਲਾਂ ਤਾਂ ਪੰਚਾਇਤ ਮੈਂਬਰ ਕੋਈ ਮਤਾ ਪਾਸ ਨਹੀਂ ਹੋਣ ਦਿੰਦੇ ਸਨ ਫਿਰ ਉਨ੍ਹਾਂ ਦੇ ਮੁਅੱਤਲ ਹੋਣ ਮਗਰੋਂ ਪੰਚਾਇਤ ਸਕੱਤਰ ਨੇ ਹੀ ਪੰਚਾਇਤ ਦੀ ਮੀਟਿੰਗ ’ਚ ਆਉਣਾ ਬੰਦ ਕਰ ਦਿੱਤਾ। ਇਸ ਕਾਰਨ ਬਿਜਲੀ ਦੇ ਬਿੱਲ ਨਹੀਂ ਭਰੇ ਗਏ ਤੇ ਸਫਾਈ ਸੇਵਕਾਂ ਆਦਿ ਮੁਲਾਜ਼ਮਾਂ ਨੂੰ ਕਈ ਮਹੀਨਿਆਂ ਤੋਂ ਤਨਖ਼ਾਹ ਨਹੀਂ ਦਿੱਤੀ ਗਈ ਜਿਸ ਦੇ ਨਤੀਜੇ ਵਜੋਂ ਪਿੰਡ ਦੇ ਸਾਰੇ ਕੰਮ ਠੱਪ ਪਏ ਹਨ। ਉਨ੍ਹਾਂ ਦੱਸਿਆ ਕਿ ਕਈ ਮੀਟਿੰਗਾਂ ਵਿੱਚ ਜਦੋਂ ਪੰਚਾਇਤ ਸਕੱਤਰ ਨਹੀਂ ਆ ਸਕੇ ਤਾਂ ਸੋਮਵਾਰ ਨੂੰ ਪੰਚਾਇਤ ਨੇ ਕਿਸੇ ਪਿੰਡ ਵਾਸੀ ਨੂੰ ਆਰਜ਼ੀ ਸਕੱਤਰ ਥਾਪਦੇ ਹੋਏ ਜ਼ਰੂਰੀ ਕੰਮਾਂ ਸਬੰਧੀ ਮਤਾ ਪਾਸ ਕੀਤਾ। ਇਸ ਮਗਰੋਂ ਕੱਲ੍ਹ ਹੀ ਨਾਭਾ ਮਾਲ ਵਿਭਾਗ ਨੇ ਪਿੰਡ ਦੀ ਸ਼ਾਮਲਾਟ ਦੀ ਨਿਸ਼ਾਨਦੇਹੀ ਲਈ 25 ਜੂਨ ਤਰੀਕ ਰੱਖ ਦਿੱਤੀ। ਇਸ ਨਿਸ਼ਾਨਦੇਹੀ ਦਾ ਮੰਤਵ ਸਰਪੰਚ ਵੱਲੋਂ ਨਾਜਾਇਜ਼ ਕਬਜ਼ੇ ਦੀ ਪੜਤਾਲ ਕਰਨਾ ਹੈ। ਮੀਟਿੰਗਾਂ ਵਿੱਚ ਨਾ ਜਾਣ ਬਾਰੇ ਪੰਚਾਇਤ ਸਕੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕਈ ਪਿੰਡ ਹਨ ਤੇ ਅੱਜ ਕੱਲ੍ਹ ਸ਼ਾਮਲਾਟ ਦੀ ਬੋਲੀਆਂ ਦੇ ਕੰਮ ਦਾ ਜ਼ੋਰ ਹੈ।

ਬੀਡੀਪੀਓ ਨੇ ਰੇੜਕੇ ਦੇ ਦੋਸ਼ ਨਕਾਰੇ

ਬੀਡੀਪੀਓ ਬਲਜੀਤ ਕੌਰ ਨੇ ਸਰਪੰਚ ਨਾਲ ਪ੍ਰਸ਼ਾਸਨ ਦੇ ਕਿਸੇ ਰੇੜਕੇ ਤੋਂ ਇਨਕਾਰ ਕਰਦੇ ਹੋਏ ਦੱਸਿਆ ਕਿ ਸਰਪੰਚ ਖ਼ਿਲਾਫ਼ ਨਾਜਾਇਜ਼ ਕਬਜ਼ੇ ਦੀ ਸ਼ਿਕਾਇਤ ਦੇ ਆਧਾਰ ’ਤੇ ਇਹ ਕਾਰਵਾਈ ਮਾਲ ਵਿਭਾਗ ਵੱਲੋਂ ਅਮਲ ’ਚ ਲਿਆਂਦੀ ਜਾ ਰਹੀ ਹੈ। ਦੂਜੇ ਪਾਸੇ ਸਰਪੰਚ ਨੇ ਕਿਸੇ ਤਰ੍ਹਾਂ ਦੇ ਨਾਜਾਇਜ਼ ਕਬਜ਼ੇ ਤੋਂ ਮਨ੍ਹਾਂ ਕਰਦੇ ਹੋਏ ਨਿਸ਼ਾਨਦੇਹੀ ਦਾ ਸਵਾਗਤ ਕੀਤਾ ਹੈ।

Advertisement