ਬੱਚੇ ਦੇ ਸਿਰ ਦਾ ਮਾਮਲਾ: ਪਿਤਾ ਨੇ ਲਾਸ਼ ਨੂੰ ਡੰਪ ’ਚ ਸੁੱਟਿਆ
ਗੁਰਨਾਮ ਸਿੰਘ ਅਕੀਦਾ
ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਬੀਤੀ ਰਾਤ ਬੱਚੇ ਦਾ ਸਿਰ ਮਿਲਣ ਦੀ ਘਟਨਾ ਨੂੰ ਸਥਾਨਕ ਪੁਲੀਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ’ਚ ਬੱਚੇ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਐੱਸਐੱਸਪੀ ਵਰੁਣ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਬੱਚਾ ਪਟਿਆਲਾ ਸ਼ਹਿਰ ਦੇ ਵਾਸੀ ਜੋੜੇ ਮਰਿਆ ਹੋਇਆ ਪੈਦਾ ਹੋਇਆ ਸੀ। ਇਸ ਨੂੰ ਡਾਕਟਰਾਂ ਨੇ ਅੰਤਿਮ ਰਸਮਾਂ ਲਈ ਇਸ ਦੇ ਪਿਤਾ ਗਿਰਧਾਰੀ ਲਾਲ ਨੂੰ ਸੌਂਪ ਦਿੱਤਾ, ਪਰ ਉਸ ਨੇ ਨਿੱਜੀ ਕਾਰਨਾਂ ਕਰਕੇ ਇਸ ਬੱਚੇ ਦੀ ਲਾਸ਼ ਨੂੰ ਰਾਜਿੰਦਰਾ ਹਸਪਤਾਲ ਦੇ ਡੰਪ ਵਿੱਚ ਹੀ ਸੁੱਟ ਦਿੱਤਾ। ਇੱਥੋਂ ਕੁੱਤੇ ਨੇ ਬੱਚੇ ਦਾ ਸਿਰ ਚੁੱਕ ਲਿਆਂਦਾ ਸੀ। ਪੁਲੀਸ ਨੇ ਕੇਸ ਦਰਜ ਕਰਕੇ ਗਿਰਧਾਰੀ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਨੁਸਾਰ ਰਾਜਿੰਦਰਾ ਹਸਪਤਾਲ ਵਿੱਚ ਕੱਲ੍ਹ ਤਿੰਨ ਮਾਵਾਂ ਦੇ ਤਿੰਨ ਬੱਚੇ ਮਰੇ ਹੋਏ ਪੈਦਾ ਹੋਏ ਸਨ। ਇੱਕ ਬੱਚਾ ਗਿਰਧਾਰੀ ਲਾਲ ਦੇ ਹਵਾਲੇ ਕਰ ਦਿੱਤਾ ਗਿਆ। ਉਸ ਨੇ ਗ਼ਰੀਬੀ ਅਤੇ ਆਪਣੀ ਪਤਨੀ ਹਸਪਤਾਲ ਦੇ ਵਾਰਡ ਵਿੱਚ ਗੰਭੀਰ ਹਾਲਤ ’ਚ ਹੋਣ ਕਾਰਨ ਮ੍ਰਿਤਕ ਬੱਚੇ ਦੇ ਸਬੂਤ ਆਪਣੇ ਕੋਲ ਰੱਖਦਿਆਂ ਡੰਪ ਵਿੱਚ ਸੁੱਟ ਦਿੱਤਾ।
ਇਸ ਨੂੰ ਕੁੱਤਿਆਂ ਨੇ ਚੁੱਕ ਲਿਆ ਤੇ ਕੁੱਤਿਆਂ ਵਿਚਾਲੇ ਖਿੱਚ-ਧੂਹ ਕਰਕੇ ਬੱਚੇ ਦਾ ਸਿਰ ਧੜ ਤੋਂ ਅਲੱਗ ਹੋ ਗਿਆ ਜੋ ਕੁੱਤੇ ਦੇ ਮੂੰਹ ਵਿੱਚ ਦੇਖਿਆ ਗਿਆ। ਦੂਜੇ ਪਾਸੇ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਗਿਰਧਾਰੀ ਲਾਲ ਦੇ ਮਾਮਲੇ ਵਿੱਚ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ, ਕਿਉਂਕਿ ਜੇ ਉਸ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਤਾਂ ਉਸ ਦੀ ਹਸਪਤਾਲ ’ਚ ਗੰਭੀਰ ਹਾਲਤ ਵਿੱਚ ਪਈ ਪਤਨੀ ਦਾ ਕੋਈ ਸਹਾਰਾ ਨਹੀਂ ਰਹਿ ਜਾਵੇਗਾ।