ਬੱਚੀਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਦੀ ਕੁੱਟ-ਕੁੱਟ ਕੇ ਹੱਤਿਆ
ਈਟਾਨਗਰ, 12 ਜੁਲਾਈ
ਅਰੁਣਾਚਲ ਪ੍ਰਦੇਸ਼ ਦੀ ਲੋਅਰ ਦਿਬਾਂਗ ਵਾਦੀ ਦੇ ਰੋਇੰਗ ਕਸਬੇ ਵਿੱਚ ਕਥਿਤ ਤੌਰ ’ਤੇ ਕਈ ਬੱਚੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਗੁਆਂਢੀ ਸੂਬੇ ਅਸਾਮ ਤੋਂ ਆਏ ਪਰਵਾਸੀ ਨੌਜਵਾਨ ਦੀ ਭੀੜ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ। ਮੁਲਜ਼ਮ ਨੌਜਵਾਨ ਦੀ ਪਛਾਣ ਬੋਂਗਾਈਗਾਓਂ ਦੇ ਰਿਆਜ਼-ਉਲ ਕਰੀਮ (19) ਦੇ ਤੌਰ ’ਤੇ ਹੋਈ ਹੈ। ਉਸ ਨੂੰ ਸਕੂਲ ਵਿੱਚ ਕਥਿਤ ਤੌਰ ’ਤੇ ਕਈ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਸ਼ੁੱਕਰਵਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਕੁੜੀਆਂ ਦੇ ਮਾਪਿਆਂ ਨੇ ਸਕੂਲ ਦੇ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕੀਤੀ। ਮਾਪਿਆਂ ਨੇ ਨੌਜਵਾਨ ਨੂੰ ਫੜਿਆ ਅਤੇ ਉਸ ਦੀ ਕੁੱਟਮਾਰ ਕੀਤੀ। ਬਾਅਦ ਵਿੱਚ ਪੁਲੀਸ ਨੇ ਉਸ ਨੂੰ ਲੋਕਾਂ ਤੋਂ ਛੁਡਾ ਕੇ ਹਿਰਾਸਤ ’ਚ ਲੈ ਲਿਆ। ਹਾਲਾਂਕਿ, ਉਸ ਤੋਂ ਬਾਅਦ ਭੀੜ ਨੇ ਪੁਲੀਸ ਥਾਣੇ ਵਿੱਚ ਦਾਖ਼ਲ ਹੋ ਕੇ ਨੌਜਵਾਨ ਨੂੰ ਬਾਹਰ ਕੱਢਿਆ ਅਤੇ ਉਸ ਦੀ ਕਾਫੀ ਕੁੱਟਮਾਰ ਕੀਤੀ। ਜਦੋਂ ਨੌਜਵਾਨ ਨੂੰ ਭੀੜ ਤੋਂ ਬਚਾਅ ਕੇ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਲੋਕਾਂ ਨੇ ਪਿੱਛਾ ਕਰ ਕੇ ਉਸ ਨੂੰ ਮੁੜ ਤੋਂ ਕੁੱਟਿਆ ਅਤੇ ਅਖ਼ੀਰ ਉਸ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਨੌਜਵਾਨ ਸਕੂਲ ਨੇੜੇ ਉਸਾਰੀਅਧੀਨ ਥਾਂ ’ਤੇ ਕੰਮ ਕਰਦਾ ਸੀ। ਇਸ ਮਾਮਲੇ ਵਿੱਚ ਹੁਣ ਤੱਕ ਛੇ ਤੋਂ ਨੌਂ ਸਾਲ ਉਮਰ ਦੀਆਂ ਅੱਠ ਨਾਬਾਲਗ ਬੱਚੀਆਂ ਦੀ ਮੈਡੀਕਲ ਜਾਂਚ ਕੀਤੀ ਗਈ ਹੈ। ਪੁਲੀਸ ਨੇ ਬਾਲ ਜਿਨਸੀ ਸ਼ੋਸ਼ਣ ਦੇ ਕਈ ਮਾਮਲਿਆਂ ਦੇ ਨਾਲ ਹੀ ਭੀੜ ਵੱਲੋਂ ਕੁੱਟ-ਕੁੱਟ ਕੇ ਹੱਤਿਆ ਕੀਤੇ ਜਾਣ ਦਾ ਕੇਸ ਵੀ ਦਰਜ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਰੋਇੰਗ ਕਸਬੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਵਾਧੂ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ਹੈ। ਐੱਸਪੀ ਮੁਤਾਬਕ, ਕਸਬੇ ਵਿੱਚ ਹਾਲਾਤ ਤਣਾਅਪੂਰਨ ਪਰ ਕੰਟਰੋਲ ਹੇਠ ਹਨ। -ਪੀਟੀਆਈ