ਝਪਟਮਾਰ ਕਾਰ ਨਾਲ ਟਕਰਾਏ; ਬੱਚੇ ਦੀ ਮੌਤ
ਸਾਹਮਣਿਓਂ ਆ ਰਹੀ ਕਾਰ ’ਚ ਵੱਜਿਆ ਝਪਟਮਾਰਾਂ ਦਾ ਮੋਟਰਸਾਈਕਲ
Advertisement
ਇੱਥੋਂ ਦੇ ਪਿੰਡ ਪੋਸੀ ਨੇੜੇ ਔਰਤ ਦੀਆਂ ਵਾਲੀਆਂ ਝਪਟ ਕੇ ਭੱਜੇ ਲੁਟੇਰਿਆਂ ਨਾਲ ਵਾਪਰੇ ਸੜਕ ਹਾਦਸੇ ’ਚ ਗਿਆਰ੍ਹਾਂ ਸਾਲਾ ਬੱਚੇ ਦੀ ਮੌਤ ਹੋ ਗਈ ਤੇ ਤਿੰਨ ਲੁਟੇਰੇ ਜ਼ਖ਼ਮੀ ਹੋ ਗਏ। ਸ਼ਾਮ ਕਰੀਬ ਛੇ ਵਜੇ ਪਿੰਡ ਪੋਸੀ ਕੋਲ ਬੁਲੇਟ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਰਾਹਗੀਰ ਔਰਤ ਦੀਆਂ ਵਾਲੀਆਂ ਝਪਟ ਕੇ ਭੱਜਣ ਲੱਗੇ। ਇਸ ਲੁੱਟ ਮਗਰੋਂ ਉਨ੍ਹਾਂ ਦਾ ਤੇਜ਼ ਰਫ਼ਤਾਰ ਮੋਟਰਸਾਈਕਲ ਸਾਹਮਣੇ ਤੋਂ ਆ ਰਹੀ ਕਾਰ ਨਾਲ ਟਕਰਾਅ ਗਿਆ। ਇਸ ਹਾਦਸੇ ਦੌਰਾਨ ਕਾਰ ਵਿੱਚ ਸਵਾਰ ਇੱਕ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਰਨਜੋਤ ਸਿੰਘ ਪਿੰਡ ਨੌਰਾ ਵਜੋਂ ਹੋਈ ਹੈ। ਮੋਟਰਸਾਈਕਲ ਸਵਾਰ ਤਿੰਨੇ ਲੁਟੇਰੇ ਜ਼ਖ਼ਮੀ ਹੋ ਗਏ। ਕਾਰ ਸਵਾਰ ਤਿੰਨ ਜਣਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲੀਸ ਅਨੁਸਾਰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਜ਼ੇਰੇ ਇਲਾਜ ਹਨ। ਇਨ੍ਹਾਂ ਵਿਚੋਂ ਦੋ ਨੌਜਵਾਨਾਂ ਦੀ ਪਛਾਣ ਰਾਹੁਲ ਕੁਮਾਰ ਅਤੇ ਰੋਹਿਤ ਕੁਮਾਰ ਵਜੋਂ ਹੋਈ ਹੈ, ਜਦੋਂ ਕਿ ਇੱਕ ਦੀ ਪਛਾਣ ਹੋਣੀ ਬਾਕੀ ਹੈ।
Advertisement
Advertisement