ਮੁੱਖ ਮੰਤਰੀ ਵੱਲੋਂ ਬਜਟ ’ਤੇ ਬਹਿਸ ਮੌਕੇ ਸਿਆਸੀ ਬੁਛਾੜਾਂ
ਚੰਡੀਗੜ੍ਹ, 27 ਮਾਰਚ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਵਿਧਾਨ ਸਭਾ ’ਚ ਸਾਲ 2025-26 ਦੇ ਬਜਟ ’ਤੇ ਬਹਿਸ ਨੂੰ ਸਿਖ਼ਰ ’ਤੇ ਪਹੁੰਚਾਉਂਦਿਆਂ ਸਿਆਸੀ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲਿਆ। ਸਦਨ ’ਚ ਬਜਟ ’ਤੇ ਕਰੀਬ ਤਿੰਨ ਘੰਟੇ ਬਹਿਸ ਹੋਈ ਜਿਸ ਵਿੱਚ ਹਾਕਮ ਧਿਰ ਦੇ ਮੈਂਬਰਾਂ ਨੇ ਬਜਟ ਦੀ ਹਰ ਮੱਦ ਦੀ ਪ੍ਰਸ਼ੰਸਾ ਕੀਤੀ ਜਦੋਂਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਸੂਬੇ ਦੀ ਵਿਗੜਦੀ ਵਿੱਤੀ ਸਿਹਤ ’ਤੇ ਉਂਗਲ ਧਰੀ। ਬਜਟ ’ਤੇ ਬਹਿਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਗੈਰ-ਹਾਜ਼ਰ ਰਹੇ।
ਮੁੱਖ ਮੰਤਰੀ ਨੇ ਬਜਟ ’ਤੇ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਜ਼ਮੀਨੀ ਪਾਣੀ ’ਚ ਹੁਣ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ ਅਤੇ 15,947 ਖਾਲਿਆਂ ਨੂੰ ਸੁਰਜੀਤ ਕੀਤੇ ਜਾਣ ਨਾਲ ਟੇਲਾਂ ਤੱਕ ਪਾਣੀ ਪਹੁੰਚਣ ਲੱਗਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ 52,606 ਨੌਕਰੀਆਂ ਤੋਂ ਇਲਾਵਾ ਸਰਕਾਰ ਨੇ ਘਰਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਹੈ।
ਮੁੱਖ ਮੰਤਰੀ ਨੇ ਆਪਣੇ ਭਾਸ਼ਣ ’ਚ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਖ਼ਿਲਾਫ਼ ਕੀਤੀਆਂ ਟਿੱਪਣੀਆਂ ’ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਰਗੜੇ ਲਾਏ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਤੋਂ ਇਲਾਵਾ ਬਾਕੀ ਸਦਨ ’ਚ ਬੈਠੇ ਕਾਂਗਰਸੀ ਨੇਤਾ ‘ਜੈਵਿਕ ਕਾਂਗਰਸੀ’ ਅਤੇ ਸ਼ਾਂਤੀ ਪਸੰਦ ਹਨ। ਉਨ੍ਹਾਂ ਬਿਨਾਂ ਪ੍ਰਤਾਪ ਬਾਜਵਾ ਦਾ ਨਾਂ ਲਏ ਕਿਹਾ ਕਿ ਰੌਲਾ ਪਾਉਣ ਵਾਲੇ ਤਾਂ ਚਲੇ ਗਏ ਜਿਨ੍ਹਾਂ ਵਾਂਗ ਸਾਡੇ ਕੋਲ ਤਾਂ ਸ਼ਾਨਦਾਰ ਕਾਰਾਂ ਜਾਂ ਕੱਪੜੇ ਨਹੀਂ ਹੋ ਸਕਦੇ।
ਉਨ੍ਹਾਂ ਕਿਹਾ ਕਿ ਅਜਿਹੇ ਲੋਕ ਜੋ ‘ਆਪ’ ਵਿਧਾਇਕਾਂ ਨੂੰ ਮੈਟੀਰੀਅਲ ਦੱਸਦੇ ਹਨ, ਉਹ ਸੂਬਾਈ ਮਾਮਲਿਆਂ ਨੂੰ ਬਿਹਤਰ ਤਰੀਕੇ ਨਾਲ ਸੰਭਾਲ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਬਾਜਵਾ ਨੇ ਸ੍ਰੀ ਸੀਚੇਵਾਲ ਦੀ ਯੋਗਤਾ ’ਤੇ ਉਂਗਲ ਧਰ ਕੇ ਅਪਮਾਨ ਕੀਤਾ ਹੈ, ਪਰ ਉਹ ਇਹ ਭੁੱਲ ਗਏ ਹਨ ਕਿ ਸੀਚੇਵਾਲ ਦੀ ਪ੍ਰਸ਼ੰਸਾ ਰਾਸ਼ਟਰਪਤੀ ਵੀ ਕਰ ਚੁੱਕੇ ਹਨ।
ਮੁੱਖ ਮੰਤਰੀ ਨੇ ਫੇਸਬੁੱਕ ਦੇ ਮਾਲਕ ਤੋਂ ਇਲਾਵਾ ਬਿੱਲ ਗੇਟਸ ਦੇ ਹਵਾਲੇ ਨਾਲ ਕਿਹਾ ਕਿ ਬੌਧਿਕਤਾ ਕਿਸੇ ਡਿਗਰੀ ਦੀ ਮੋਹਤਾਜ ਨਹੀਂ ਹੁੰਦੀ। ਮੁੱਖ ਮੰਤਰੀ ਨੇ ਤਨਜ਼ ਕੀਤਾ ਕਿ ਰਾਹੁਲ ਗਾਂਧੀ ਕੋਲ ਕੈਂਬਰਿਜ ਯੂਨੀਵਰਸਿਟੀ ਦੀ ਡਿਗਰੀ ਹੈ ਅਤੇ ਇੱਕ ਪ੍ਰਧਾਨ ਮੰਤਰੀ ਦੀ 12 ਸਾਲਾਂ ਤੋਂ ਡਿਗਰੀ ਦਾ ਪਤਾ ਨਹੀਂ ਲੱਗ ਰਿਹਾ। ਉਨ੍ਹਾਂ ਕਿਹਾ ਕਿ ਸੀਚੇਵਾਲ ’ਤੇ ਉਂਗਲ ਉਠਾਉਣ ਵਾਲਿਆਂ ਨੇ ਹੀ ਸੀਚੇਵਾਲ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੈਂਬਰ ਬਣਾਇਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੂਨ, ਸਨਾਵਰ ਤੇ ਪੀਪੀਐੱਸ ਵਾਲਿਆਂ ਨੂੰ ਪਹਿਲਾਂ ਹੀ ਪਰਖ ਚੁੱਕਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਇਹ ਕਹਿੰਦੇ ਹਨ ਕਿ ਪੰਜਾਬ ਦੀ ਸਰਕਾਰ ਦਿੱਲੀ ਤੋਂ ਚਲਾਈ ਜਾਂਦੀ ਹੈ, ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਕੰਮ ਰਾਜਸਥਾਨ, ਛੱਤੀਸਗੜ੍ਹ ਅਤੇ ਹੋਰ ਰਾਜਾਂ ਤੋਂ ਚੱਲਦੇ ਹਨ। ਉਨ੍ਹਾਂ ਕਾਂਗਰਸੀ ਮੈਂਬਰਾਂ ਨੂੰ ਕਿਹਾ ਕਿ ਭੂਪੇਸ਼ ਬਘੇਲ ਕਿੱਥੋਂ ਆਇਆ ਹੈ? ਉਨ੍ਹਾਂ ਖ਼ੁਫ਼ੀਆ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਭੂਪੇਸ਼ ਬਘੇਲ ਨੇ ਮੀਟਿੰਗ ਵਿੱਚ ਪਰਗਟ ਸਿੰਘ ਦੇ ਹਾਕੀ ਦਾ ਕਪਤਾਨ ਹੋਣ ’ਤੇ ਅਣਜਾਣਤਾ ਜ਼ਾਹਰ ਕੀਤੀ ਸੀ। ਜਦੋਂ ਪਰਗਟ ਸਿੰਘ ਨੇ ਦੋ ਓਲੰਪਿਕਸ ’ਚ ਕਪਤਾਨੀ ਕੀਤੇ ਜਾਣ ਦੀ ਗੱਲ ਕੀਤੀ ਤਾਂ ਵਿਰੋਧੀ ਧਿਰ ਦੇ ਨੇਤਾ ਨੇ ਫ਼ੌਰੀ ਟਿੱਪਣੀ ਕੀਤੀ ਕਿ ਭਾਰਤ ਦੋਵੇਂ ਵਾਰ ਹਾਰ ਗਿਆ ਸੀ। ਮੋੜਵੇਂ ਜੁਆਬ ’ਚ ਪਰਗਟ ਸਿੰਘ ਨੇ ਕਿਹਾ ਸੀ, ‘ਮੈਂ ਕਪਤਾਨੀ ਕੀਤੀ ਹੈ, ਸਮੱਗਲਿੰਗ ਨਹੀਂ।’
ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ‘ਆਪ’ ਸਰਕਾਰ ਦੇ ਤਿੰਨ ਸਾਲਾਂ ਦੇ ਸ਼ਾਸਨ ਦੌਰਾਨ ਮਾਲੀਆ ਪ੍ਰਾਪਤੀ ’ਚ ਕਈ ਗੁਣਾਂ ਵਾਧਾ ਹੋਇਆ ਹੈ ਜਦੋਂਕਿ ਪਿਛਲੀਆਂ ਸਰਕਾਰਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਾਲ 2012-17 ਵਿੱਚ ਅਕਾਲੀ-ਭਾਜਪਾ ਦੇ ਸ਼ਾਸਨ ਦੇ ਪੰਜ ਸਾਲਾਂ ਵਿੱਚ ਪੂੰਜੀਗਤ ਖ਼ਰਚਾ 14,641 ਕਰੋੜ ਰੁਪਏ ਜਦਕਿ ਕਾਂਗਰਸ ਦੇ ਅਗਲੇ ਪੰਜ ਸਾਲਾਂ ਵਿੱਚ ਇਹ 19,356 ਕਰੋੜ ਰੁਪਏ ਸੀ। ‘ਆਪ’ ਸਰਕਾਰ ਦੇ ਤਿੰਨ ਸਾਲਾਂ ’ਚ 19,810 ਕਰੋੜ ਰੁਪਏ ਦਾ ਪੂੰਜੀਗਤ ਖ਼ਰਚਾ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕਰਜ਼ੇ ਦੀ ਪੰਡ ਭਾਰੀ ਹੋਣ ਦੇ ਬਾਵਜੂਦ ਸਰਕਾਰ ਨੇ ਚੌਥੇ ਬਜਟ ਵਿੱਚ ਵੀ ਕੋਈ ਟੈਕਸ ਨਹੀਂ ਲਾਇਆ। ਅਰੁਣਾ ਚੌਧਰੀ ਨੇ ਬੁਢਾਪਾ ਪੈਨਸ਼ਨ ’ਚ ਵਾਧਾ ਨਾ ਕੀਤੇ ਜਾਣ ਅਤੇ ਔਰਤਾਂ ਨੂੰ ਇੱਕ ਹਜ਼ਾਰ ਨਾ ਦਿੱਤੇ ਜਾਣ ’ਤੇ ਉਂਗਲ ਧਰੀ।
ਭਾਜਪਾ ਦੇ ਅਸ਼ਵਨੀ ਸ਼ਰਮਾ ਨੇ ਰੇਤ ਮਾਫ਼ੀਆ ਦੀ ਗੱਲ ਕੀਤੀ ਜਦੋਂਕਿ ਬਸਪਾ ਦੇ ਵਿਧਾਇਕ ਡਾ. ਨਛੱਤਰਪਾਲ ਨੇ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਰੱਖੇ ਬਜਟ ਦੀ ਸ਼ਲਾਘਾ ਕੀਤੀ। ਬਹਿਸ ਵਿੱਚ ਅੰਮ੍ਰਿਤਪਾਲ ਸੁੱਖਾਨੰਦ, ਮਨਪ੍ਰੀਤ ਸਿੰਘ ਇਆਲ਼ੀ, ਬਰਿੰਦਰਮੀਤ ਸਿੰਘ ਪਾਹੜਾ, ਅਵਤਾਰ ਹੈਨਰੀ ਜੂਨੀਅਰ ਨੇ ਵੀ ਹਿੱਸਾ ਲਿਆ। ਬਹਿਸ ਸਮਾਪਤ ਹੋਣ ਮਗਰੋਂ ਪੰਜਾਬ ਬਜਟ ਨੂੰ ਸਦਨ ਨੇ ਪਾਸ ਕਰ ਦਿੱਤਾ।
ਕੌਮੀ ਨਾਇਕਾਂ ਨੂੰ 75 ਸਾਲਾਂ ਵਿੱਚ ‘ਭਾਰਤ ਰਤਨ’ ਕਿਉਂ ਨਹੀਂ ਦਿੱਤਾ: ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀ ਧਿਰ ਵੱਲੋਂ ਸ਼ਹੀਦ ਭਗਤ ਸਿੰਘ ਨੂੰ ‘ਭਾਰਤ ਰਤਨ’ ਦੇਣ ਦੀ ਕੀਤੀ ਮੰਗ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਕਾਂਗਰਸ ਸੱਤਾ ’ਚ ਸੀ ਤਾਂ ਉਦੋਂ ਕੌਮੀ ਨਾਇਕਾਂ ਨੂੰ ‘ਭਾਰਤ ਰਤਨ’ ਕਿਉਂ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਦੋ ਸਾਬਕਾ ਪ੍ਰਧਾਨ ਮੰਤਰੀਆਂ ਨੇ ਤਾਂ ‘ਭਾਰਤ ਰਤਨ’ ਲਈ ਆਪਣੇ ਨਾਵਾਂ ਦੀ ਹੀ ਸਿਫ਼ਾਰਸ਼ ਕਰ ਲਈ ਸੀ।
ਬਿਨਾਂ ਵਿਤਕਰੇ ਹਰ ਹਲਕੇ ਨੂੰ ਪੰਜ ਕਰੋੜ ਮਿਲਣ ਦਾ ਭਰੋਸਾ ਦਿਵਾਇਆ
ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਵਿਧਾਇਕਾਂ ਦੇ ਤੌਖ਼ਲਿਆਂ ਨੂੰ ਦੂਰ ਕਰਦਿਆਂ ਕਿਹਾ ਕਿ ‘ਰੰਗਲਾ ਪੰਜਾਬ ਵਿਕਾਸ ਯੋਜਨਾ’ ਤਹਿਤ ਹਰ ਹਲਕੇ ਨੂੰ ਪੰਜ-ਪੰਜ ਕਰੋੜ ਮਿਲਣਗੇ। ਸਾਲਾਨਾ ਪੰਜ ਕਰੋੜ ਰੁਪਏ ਦੇ ਫੰਡ ਦਾ ਪ੍ਰਬੰਧਨ ਡਿਪਟੀ ਕਮਿਸ਼ਨਰਾਂ ਵੱਲੋਂ ਕੀਤਾ ਜਾਵੇਗਾ ਅਤੇ ਇਸ ਨੂੰ ਵਿਧਾਇਕਾਂ, ਸਮਾਜਿਕ ਸੰਗਠਨਾਂ, ਨਾਗਰਿਕ ਸਮੂਹਾਂ ਅਤੇ ਜਨਤਕ ਭਲਾਈ ਵਾਲੇ ਨਾਗਰਿਕਾਂ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਜਨਤਕ ਕੰਮਾਂ ’ਤੇ ਖ਼ਰਚ ਕੀਤਾ ਜਾਵੇਗਾ।
ਵਿਧਾਨ ਸਭਾ ਵੱਲੋਂ ਬਾਜਵਾ ਖ਼ਿਲਾਫ਼ ਨਿੰਦਾ ਮਤਾ ਪਾਸ
ਚੰਡੀਗੜ੍ਹ (ਟਨਸ): ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ’ਚ ਅੱਜ ਕਰੀਬ ਦੋ ਘੰਟੇ ਦੇ ਹੰਗਾਮੇ ਮਗਰੋਂ ਸਦਨ ਨੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਵਿਰੁੱਧ ਟਿੱਪਣੀਆਂ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਨਿੰਦਾ ਮਤਾ ਪਾਸ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਾਜਵਾ ਖ਼ਿਲਾਫ਼ ਨਿੰਦਾ ਮਤਾ ਪੇਸ਼ ਕੀਤਾ ਅਤੇ ਜ਼ੁਬਾਨੀ ਵੋਟਿੰਗ ਮਗਰੋਂ ਸਦਨ ਨੇ ਮਤਾ ਪਾਸ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਅਤੇ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਨੇ ਵੀ ਮਤੇ ਦੀ ਹਮਾਇਤ ਕੀਤੀ। ਸਦਨ ’ਚ ਬੀਤੇ ਦਿਨ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਸ਼ਨ ਕਾਲ ਦੌਰਾਨ ‘ਸੀਚੇਵਾਲ ਮਾਡਲ’ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਸਨ। ਅੱਜ ਜਿਉਂ ਹੀ ਸਿਫਰ ਕਾਲ ’ਚ ਪ੍ਰਤਾਪ ਸਿੰਘ ਬਾਜਵਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭਾਰਤ ਰਤਨ ਲਈ ਮਤਾ ਲਿਆਉਣ ਦੀ ਮੰਗ ਉਠਾਈ ਤਾਂ ਉਸੇ ਦੌਰਾਨ ‘ਆਪ’ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਦਖਲ ਦਿੰਦਿਆਂ ਮੰਗ ਕੀਤੀ ਕਿ ਸੀਚੇਵਾਲ ਖ਼ਿਲਾਫ਼ ਕੀਤੀ ਟਿੱਪਣੀ ਦੇ ਮਾਮਲੇ ’ਚ ਬਾਜਵਾ ਮੁਆਫ਼ੀ ਮੰਗਣ। ਉਨ੍ਹਾਂ ਬਾਜਵਾ ਦੇ ਬੋਲਣ ਤੱਕ ’ਤੇ ਇਤਰਾਜ਼ ਕੀਤਾ। ਇਸ ਮਾਮਲੇ ’ਤੇ ਵਾਰ-ਵਾਰ ਭਖ਼ਵੀਂ ਬਹਿਸ ਹੋਈ। ਵਿਰੋਧੀ ਧਿਰ ਨੇ ਰੋਸ ਵਜੋਂ ਤਿੰਨ ਵਾਰ ਵਾਕਆਊਟ ਕੀਤਾ ਅਤੇ ਸਪੀਕਰ ਨੇ ਸਦਨ ਦੀ ਕਾਰਵਾਈ ਦੋ ਵਾਰ 15-15 ਮਿੰਟ ਲਈ ਮੁਲਤਵੀ ਕੀਤੀ।
ਬਾਜਵਾ ਨੇ ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਬਾਰੇ ਮਤਾ ਲਿਆਉਣ ਦੀ ਮੰਗ ਕੀਤੀ ਸੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨਿਯਮਾਂ ਦਾ ਹਵਾਲਾ ਦਿੱਤਾ ਅਤੇ ਢੁੱਕਵੀਂ ਪ੍ਰਕਿਰਿਆ ਅਪਣਾਉਣ ਦੀ ਹਦਾਇਤ ਕੀਤੀ। ਬਾਜਵਾ ਨੇ ਇਤਰਾਜ਼ ਕੀਤਾ ਕਿ ਅੱਜ ਸਾਰਾ ਹੱਲਾ ਸੋਚੀ-ਸਮਝੀ ਯੋਜਨਾ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਉਹ ਸੀਚੇਵਾਲ ਨੂੰ ਲੈ ਕੇ ਆਪਣੇ ਗੱਲ ’ਤੇ ਡਟੇ ਹੋਏ ਹਨ। ਵਜ਼ੀਰ ਹਰਜੋਤ ਬੈਂਸ ਨੇ ਸੀਚੇਵਾਲ ਦੀ ਸ਼ਖ਼ਸੀਅਤ ਬਾਰੇ ਕਈ ਹਵਾਲੇ ਵੀ ਦਿੱਤੇ। ਮੰਤਰੀ ਕੁਲਦੀਪ ਧਾਲੀਵਾਲ ਨੇ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਵਾਸਤੇ ਕਿਹਾ। ਰੌਲੇ ਰੱਪੇ ਦਰਮਿਆਨ ਬਾਜਵਾ ਤੇ ਸਾਥੀ ਵਿਧਾਇਕ ਸਪੀਕਰ ਦੇ ਆਸਣ ਅੱਗੇ ਚਲੇ ਗਏ ਅਤੇ ਨਾਅਰੇਬਾਜ਼ੀ ਕਰਦੇ ਹੋਏ ਕਾਂਗਰਸੀ ਮੈਂਬਰ 11.18 ਵਜੇ ਵਾਕਆਊਟ ਕਰ ਗਏ ਜਿਸ ਮਗਰੋਂ ਸਪੀਕਰ ਨੇ 15 ਮਿੰਟ ਲਈ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਸਦਨ ਮੁੜ ਜੁੜਿਆ ਤਾਂ ਕੁਝ ਸਮੇਂ ਲਈ ਅਵਤਾਰ ਸਿੰਘ ਜੂਨੀਅਰ ਹੈਨਰੀ ਅਤੇ ਹਾਕਮ ਧਿਰ ਦੇ ਮੈਂਬਰਾਂ ਦਰਮਿਆਨ ਬਹਿਸ ਹੋਈ। ਇਸ ਮਗਰੋਂ ਹਾਕਮ ਤੇ ਵਿਰੋਧੀ ਧਿਰ ਵਿਚਾਲੇ ਮੁੜ ਤਲਖ਼ੀ ਸ਼ੁਰੂ ਹੋ ਗਈ ਅਤੇ 11.51 ਵਜੇ ਕਾਂਗਰਸ ਵਿਧਾਇਕਾਂ ਨੇ ਮੁੜ ਵਾਕਆਊਟ ਕਰ ਦਿੱਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ‘ਏਸ ਤਰ੍ਹਾਂ ਭੱਜਣਾ ਕਾਇਰਤਾ ਦੀ ਨਿਸ਼ਾਨੀ ਹੈ।’ ਚੀਮਾ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਨਾਮ ’ਤੇ ਮੈਡੀਕਲ ਕਾਲਜ ਬਣਾਏ ਜਾਣ, ਦਫ਼ਤਰਾਂ ਵਿੱਚ ਤਸਵੀਰਾਂ ਲਾਏ ਜਾਣ ਅਤੇ ਹਵਾਈ ਅੱਡੇ ’ਤੇ ਬੁੱਤ ਲਾਏ ਜਾਣ ਦਾ ਉਚੇਚਾ ਜ਼ਿਕਰ ਕੀਤਾ। ਜਦੋਂ ਵੀ ਹੰਗਾਮਾ ਹੋਇਆ, ਕਾਂਗਰਸ ਨੂੰ ਛੱਡ ਕੇ ਬਾਕੀ ਵਿਰੋਧੀ ਧਿਰਾਂ ਦੇ ਮੈਂਬਰ ਸ਼ਾਂਤ ਚਿੱਤ ਸਭ ਕੁਝ ਦੇਖਦੇ ਰਹੇ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਿਫ਼ਰ ਕਾਲ ਦੌਰਾਨ ਬਾਜਵਾ ਖ਼ਿਲਾਫ਼ ਕਾਰਵਾਈ ਮੰਗੀ ਅਤੇ ਇਹ ਵੀ ਕਿਹਾ ਕਿ ਸੀਚੇਵਾਲ ਵਾਤਾਵਰਨ ਪ੍ਰੇਮੀ ਨੇ ਜਾਂ ਠੇਕੇਦਾਰ, ਇਸ ’ਤੇ ਬਹਿਸ ਕਰਾਈ ਜਾਵੇ। ਕੁਝ ਸਮੇਂ ਲਈ ਮਾਹੌਲ ਸ਼ਾਂਤ ਹੋਇਆ ਤਾਂ ਉਸ ਮਗਰੋਂ ਮੁੜ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਗੱਲ ਛੇੜ ਦਿੱਤੀ ਕਿ ਸੀਚੇਵਾਲ ਖ਼ਿਲਾਫ਼ ਟਿੱਪਣੀ ਗ਼ਲਤ ਸੀ ਜਿਸ ਕਰਕੇ ਬਾਜਵਾ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।
ਪ੍ਰਤਾਪ ਬਾਜਵਾ ਵਾਰ ਵਾਰ ਇੱਕੋ ਗੱਲ ਛੇੜੇ ਜਾਣ ਤੋਂ ਖ਼ਫ਼ਾ ਹੋ ਗਏ। ਹੰਗਾਮਾ ਹੋਣ ’ਤੇ ਸਪੀਕਰ ਨੂੰ ਸਦਨ ਦੀ ਕਾਰਵਾਈ 15 ਮਿੰਟ ਲਈ ਮੁੜ ਮੁਲਤਵੀ ਕਰਨੀ ਪਈ। ਸਦਨ ਮੁੜ ਜੁੜਿਆ ਤਾਂ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਮੁੜ ਸੀਚੇਵਾਲ ਵਾਲਾ ਮੁੱਦਾ ਭਖਾ ਦਿੱਤਾ। ਪ੍ਰਤਾਪ ਬਾਜਵਾ ਨੇ ਤੁਰੰਤ ਖੜ੍ਹੇ ਹੋ ਕੇ ਕਿਹਾ, ‘ਉਹ ਤੁਹਾਡੇ ਲੀਡਰ ਨੇ, ਤੁਹਾਡੀ ਪਾਰਟੀ ’ਚ ਨੇ, ਉਹ ਇੰਜੀਨੀਅਰ ਨਹੀਂ, ਮੈਂ ਸਿਰਫ਼ ਸੁਝਾਅ ਦਿੱਤਾ ਸੀ’। ਸਪੀਕਰ ਨੇ ਕਿਹਾ ਕਿ ਸੀਚੇਵਾਲ ਸੰਤ ਮਹਾਂਪੁਰਸ਼ ਹਨ। ਉਨ੍ਹਾਂ ਖ਼ਿਲਾਫ਼ ਬੋਲਿਆ ਨਹੀਂ ਜਾਣਾ ਚਾਹੀਦਾ ਸੀ। ਰੌਲੇ ਰੱਪੇ ਦੌਰਾਨ ਹੀ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪ੍ਰਤਾਪ ਬਾਜਵਾ ਖ਼ਿਲਾਫ਼ ਨਿੰਦਾ ਮਤਾ ਪੇਸ਼ ਕਰ ਦਿੱਤਾ। ਸਪੀਕਰ ਨੇ ਤੁਰੰਤ ਜ਼ੁਬਾਨੀ ਵੋਟਿੰਗ ਮਗਰੋਂ ਨਿੰਦਾ ਮਤਾ ਪਾਸ ਕਰ ਦਿੱਤਾ।
ਇਆਲੀ ਵੱਲੋਂ ਛੱਪੜਾਂ ਦੀ ਸਫ਼ਾਈ ਵਾਲੇ ਮਾਡਲ ਦੀ ਹਮਾਇਤ
ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸਦਨ ’ਚ ਛੱਪੜਾਂ ਦੀ ਸਫ਼ਾਈ ਲਈ ਬਿਨਾਂ ਨਾਮ ਲਏ ਸੀਚੇਵਾਲ ਮਾਡਲ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਯੂਨੀਸੈੱਫ ਅਤੇ ਭਾਰਤ ਸਰਕਾਰ ਨੇ ਵੀ ਅਜਿਹੇ ਮਾਡਲ ਤਿਆਰ ਕੀਤੇ ਹਨ ਅਤੇ ਉਨ੍ਹਾਂ ਕੁਝ ਅਧਿਕਾਰੀਆਂ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਮਾਡਲ ਧੜੇਬੰਦੀ ਤੋਂ ਉਪਰ ਉੱਠ ਕੇ ਲਾਗੂ ਕਰਨੇ ਚਾਹੀਦੇ ਹਨ