ਮੁੱਖ ਮੰਤਰੀ ਦੇ ਚਚੇਰੇ ਭਰਾ ਨੇ ਜਲ ਸਰੋਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਉਠਾਏ ਸਵਾਲ
ਪਿੰਡ ਸਤੌਜ ਦੇ ਵਸਨੀਕ ਤੇ ਮੁੱਖ ਮੰਤਰੀ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਸਾਂਝੀ ਕੀਤੀ ਪੋਸਟ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਰਸਾਤੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਸ਼ਹਿਰਾਂ ਅਤੇ ਪਿੰਡਾਂ ਵਿੱਚ ਲੋਕਾਂ ਦੇ ਮਕਾਨਾਂ, ਦੁਕਾਨਾਂ ਅਤੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਬਰਸਾਤੀ ਨਾਲਿਆਂ ਦੀ ਸਫ਼ਾਈ ਲਈ ਰਿਲੀਜ਼ ਹੋਏ 250 ਕਰੋੜ ਤੋਂ ਵੱਧ ਰੁਪਏ ਕਿੱਥੇ ਗਏ। ਉਨ੍ਹਾਂ ਜਲ ਸਰੋਤ ਮੰਤਰੀ ਦੇ ਹਲਕੇ ਲਈ ਵੀ 40 ਲੱਖ ਰੁਪਏ ਜਾਰੀ ਹੋਣ ਦੀ ਗੱਲ ਆਖੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੀ ਜਾਂਚ ਕਰਵਾ ਕੇ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਗਿਆਨ ਸਿੰਘ ਨੇ ਇਸ ਤੋਂ ਪਹਿਲਾਂ ਲੈਂਡ ਪੂਲਿੰਗ ਪਾਲਿਸੀ ’ਤੇ ਵੀ ਸਵਾਲ ਖੜ੍ਹੇ ਕੀਤੇ ਸਨ। ਮੁੱਖ ਮੰਤਰੀ ਦੇ ਚਚੇਰੇ ਭਰਾ ਦੀ ਪੋਸਟ ਦੀ ਸਿਆਸੀ ਹਲਕਿਆਂ ’ਚ ਖੂਬ ਚਰਚਾ ਹੈ। ਇਸ ਤੋਂ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਗਿਆਨ ਸਿੰਘ ਵੱਲੋਂ ਇਹ ਮੁੱਦਾ ਉਸ ਮੌਕੇ ਉਠਾਇਆ ਗਿਆ ਹੈ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।