ਮੁੱਖ ਮੰਤਰੀ ਸੈਣੀ ਨੇ ਮਹਿਲਾਵਾਂ ਨੂੰ ਦਿੱਤਾ ਯੋਜਨਾਵਾਂ ਦਾ ‘ਸੰਧਾਰਾ’
ਇਥੇ ਸੂਬਾ ਪੱਧਰੀ ਤੀਜ ਸਮਾਗਮ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭੈਣ ਨੂੰ ਭਰਾ ਵੱਲੋਂ ਦਿੱਤੇ ਜਾਂਦੇ ‘ਸੰਧਾਰੇ’ ਦੀ ਪਰੰਪਰਾ ਨਿਭਾਉਂਦੇ ਹੋਏ ਹਰਿਆਣਾ ਦੀਆਂ ਮਹਿਲਾਵਾਂ ਲਈ ਨਾਰੀ ਸਸ਼ਕਤੀਕਰਨ ਨੂੰ ਸਮਰਪਿਤ ਕਈ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਸ੍ਰੀ ਸੈਣੀ ਨੇ ‘ਲਾਡੋ ਸਖੀ’ ਯੋਜਨਾ ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਹਰ ਗਰਭਵਤੀ ਮਹਿਲਾ ਦੀ ਦੇਖਭਾਲ ਲਈ ਆਂਗਨਵਾੜੀ ਵਰਕਰਾਂ, ਆਸ਼ਾ ਵਰਕਰਾਂ ਜਾਂ ਏਐੱਨਐੱਮ ਨਿਯੁਕਤ ਕੀਤੀਆਂ ਜਾਣਗੀਆਂ। ਜਿਹੜੀ ‘ਲਾਡੋ ਸਖੀ’ ਕਿਸੇ ਕੁੜੀ ਦੇ ਜਨਮ ’ਤੇ ਸਹਾਇਤਾ ਕਰੇਗੀ, ਉਸ ਨੂੰ 1000 ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ ‘ਵਧਦੇ ਕਦਮ ਡਿਜੀਟਲ ਬਾਲ ਕਾਰਜਕ੍ਰਮ’ ਦੀ ਸ਼ੁਰੂਆਤ ਵੀ ਕੀਤੀ ਗਈ, ਜੋ ਛੋਟੇ ਬੱਚਿਆਂ ਦੀ ਸਿੱਖਿਆ ਲਈ ਆਂਗਨਵਾੜੀ ਵਰਕਰਾਂ ਦੀ ਮਦਦ ਕਰੇਗਾ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਵਿਦਿਆਰਥਣਾਂ ਨੂੰ ਉਦਯੋਗਸ਼ੀਲ ਬਣਾਉਣ ਲਈ 10 ਹਜ਼ਾਰ ‘ਡੂ-ਇਟ-ਯੂਅਰਸੈਲਫ’ ਕਿੱਟਾਂ ਵੰਡੀਆਂ ਜਾਣਗੀਆਂ। ਮਹਿਲਾਵਾਂ ਦੀ ਆਮਦਨ ਵਧਾਉਣ ਲਈ ਰਾਸ਼ਨ ਡਿੱਪੂਆਂ ਦੀ ਵੰਡ ਸਵੈ-ਸਹਾਇਤਾ ਸਮੂਹਾਂ ਨੂੰ ਕਰਨ ਦਾ ਵੀ ਐਲਾਨ ਕੀਤਾ ਗਿਆ। ਇਸ ਦੌਰਾਨ 131 ਨਵੇਂ ਮਹਿਲਾ ਸੱਭਿਆਚਾਰ ਕੇਂਦਰਾਂ ਦਾ ਵੀ ਉਦਘਾਟਨ ਕੀਤਾ ਗਿਆ। ਹਥਕਲਾ ’ਚ ਮਾਹਿਰ ਮਹਿਲਾਵਾਂ ਨੂੰ 3 ਲੱਖ ਦੇ ਇਨਾਮ ਅਤੇ 12 ਮਹਿਲਾਵਾਂ ਨੂੰ 51-51 ਹਜ਼ਾਰ ਦੇ ਇਨਾਮ ਵੀ ਦਿੱਤੇ ਗਏ। ਮੁੱਖ ਮੰਤਰੀ ਨੇ ਕਿਹਾ ਕਿ ‘ਲਖਪਤੀ ਦੀਦੀ’ ਮੁਹਿੰਮ ਤਹਿਤ 5 ਲੱਖ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕੀਤਾ ਜਾਵੇਗਾ।
ਉਰਜਾ ਤੇ ਆਵਾਜਾਈ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਅੰਬਾਲਾ ’ਚ ਚਲ ਰਹੀਆਂ ਤਕਨੀਕੀ ਅਤੇ ਵਿਕਾਸ ਯੋਜਨਾਵਾਂ ਨੂੰ ਉਹ ਖੁਦ ਸਮੇਂ ਸਿਰ ਪੂਰਾ ਕਰਵਾਉਣਗੇ। ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ ਨੇ ਤੀਜ ਨੂੰ ਨਾਰੀ ਅਸਮਿਤਾ ਤੇ ਸਨਮਾਨ ਦਾ ਤਿਉਹਾਰ ਕਰਾਰ ਦਿੱਤਾ।
ਇਸ ਮੌਕੇ ਮੁੱਖ ਮੰਤਰੀ ਸੈਣੀ ਦਾ ਸਨਮਾਨ ਕੀਤਾ ਗਿਆ। ਔਰਤਾਂ ਲਈ ਝੂਲਿਆਂ ਦੀ ਖਾਸ ਸਜਾਵਟ ਕੀਤੀ ਗਈ ਸੀ। ਸ੍ਰੀ ਸੈਣੀ ਨੇ ਇਕ ਪੌਦਾ ਮਾਂ ਦੇ ਨਾਂ ਲਗਾਉਣ ਦੀ ਵੀ ਅਪੀਲ ਕੀਤੀ।