ਡਾਕਟਰਾਂ ਨੂੰ ਡਿਊਟੀ ’ਤੇ ਪਰਤਣ ਦੀ ਅਪੀਲ
ਹਰਿਆਣਾ ਵਿੱਚ ਵੱਖ-ਵੱਖ ਮੰਗਾਂ ਲਈ ਡਾਕਟਰਾਂ ਦੀ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਹਰਿਆਣਾ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਐੱਚ ਸੀ ਐੱਮ ਐੱਸ ਏ) ਦੇ ਲਗਪਗ ਤਿੰਨ ਹਜ਼ਾਰ ਮੈਂਬਰਾਂ ਨੇ ਅੱਜ ਸਾਰਾ ਦਿਨ ਕੰਮਕਾਜ ਠੱਪ ਕਰਕੇ ਹੜਤਾਲ ਕੀਤੀ। ਹਾਲਾਂਕਿ ਡਾਕਟਰਾਂ ਦੀ ਹੜਤਾਲ ਨੂੂੰ ਵੇਖਦਿਆਂ ਸੂਬਾ ਸਰਕਾਰ ਵੱਲੋਂ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਬਦਲਵੇ ਪ੍ਰਬੰਧ ਕੀਤੇ ਗਏ ਸਨ ਪਰ ਡਾਕਟਰਾਂ ਦੀ ਹੜਤਾਲ ਕਰਕੇ ਸੂਬੇ ਦੇ ਹਸਪਤਾਲਾਂ ਵਿੱਚ ਲੋਕਾਂ ਨੂੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ਹੈ।
ਦੂਜੇ ਪਾਸੇ ਹਰਿਆਣਾ ਸਰਕਾਰ ਵੱਲੋਂ ਸਾਰਾ ਦਿਨ ਡਾਕਟਰਾਂ ਦੀਆਂ ਮੰਗਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਵੀ ਡਾਕਟਰਾਂ ਨੂੰ ਡਿਊਟੀ ’ਤੇ ਵਾਪਸ ਆਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਡਾਕਟਰ ਦੀਆਂ ਚਾਰ ਮੰਗਾਂ ਵਿੱਚੋਂ ਤਿੰਨ ਮੰਗਾਂ ਨੂੰ ਸਵੀਕਾਰ ਕਰ ਲਿਆ ਗਿਆ ਹੈ। ਡਾਕਟਰਾਂ ਦੇ ਸਪੈਸ਼ਲਾਈਜ਼ਡ ਕੇਡਰ ਦੇ ਗਠਨ ਦੀ ਮੰਗ ’ਤੇ ਵਿੱਤ ਵਿਭਾਗ 16 ਅਗਸਤ 2024 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਿਆ ਹੈ। ਹਸਪਤਾਲ ਵਿੱਚ ਡਿਊਟੀ ਤੋਂ ਬਾਹਰ ਜਾਣ ’ਤੇ ਯਾਤਰਾ ਭੱਤਾ ਦੇਣ ਸਬੰਧੀ ਮੰਗ ’ਤੇ ਵੀ 25 ਅਕਤੂਬਰ 2024 ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸੂਬੇ ਵਿੱਚ ਐੱਸ ਐੱਮ ਓ ਦੀ ਸਿੱਧੀ ਭਰਤੀ ਕਰਨ ’ਤੇ ਵੀ ਰੋਕ ਲਗਾ ਦਿੱਤੀ ਹੈ, ਜਦੋਂ ਕਿ ਚੌਥੀ ਮੰਗ ਏ ਸੀ ਪੀ ਢਾਂਚੇ ਵਿੱਚ ਬਦਲਾਅ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
ਸਰਕਾਰ ਨਾਲ ਨਹੀਂ ਹੋਈ ਕੋਈ ਗੱਲਬਾਤ: ਐਸੋਸੀਏਸ਼ਨ
ਹਰਿਆਣਾ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਐੱਚ ਸੀ ਐੱਮ ਐੱਸ ਏ) ਦੇ ਪ੍ਰਧਾਨ ਡਾ. ਰਾਜੇਸ਼ ਨੇ ਕਿਹਾ ਕਿ ਹਾਲੇ ਤੱਕ ਐਸੋਸੀਏਸ਼ਨ ਦੀ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ। ਸਰਕਾਰ ਨਾਲ ਗੱਲਬਾਤ ਹੋਣ ਤੋਂ ਬਾਅਦ ਲਿਖਤੀ ਮੰਗਾਂ ਮੰਨੇ ਜਾਣ ’ਤੇ ਕੋਈ ਫੈਸਲਾ ਲਿਆ ਜਾਵੇਗਾ।
