ਹਰਿਆਣਾ ਵਿੱਚ ਸੀਈਟੀ ਅੱਜ ਤੇ ਭਲਕੇ
ਹਰਿਆਣਾ ’ਚ ਸਾਂਝੀ ਪਾਤਰਤਾ ਪ੍ਰੀਖਿਆ (ਸੀਈਟੀ) 26 ਤੇ 27 ਜੁਲਾਈ ਨੂੰ ਕਰਵਾਈ ਜਾ ਰਹੀ ਹੈ, ਜਿਸ ਲਈ ਪੁਲੀਸ ਪੂਰੀ ਤਰ੍ਹਾਂ ਚੌਕਸ ਅਤੇ ਤਿਆਰ ਹੈ। ਉਮੀਦਵਾਰਾਂ ਨੂੰ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ, ਹਰਿਆਣਾ ਸਰਕਾਰ, ਪੁਲੀਸ ਅਤੇ ਪ੍ਰਸ਼ਾਸਨ ਦੁਆਰਾ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ। ਡੀਸੀਪੀ ਪੰਚਕੂਲਾ ਸ੍ਰਿਸ਼ਟੀ ਗੁਪਤਾ ਨੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸੁਰੱਖਿਆ ਪ੍ਰਬੰਧਾਂ ਤੇ ਹੋਰ ਪ੍ਰਬੰਧਾਂ ਦੀ ਨਜ਼ਰਸਾਨੀ ਕੀਤੀ। ਪੰਚਕੂਲਾ ’ਚ ਕੁੱਲ 44 ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਜਿੱਥੇ ਪਾਰਦਰਸ਼ਤਾ ਤੇ ਸ਼ਾਂਤੀ ਯਕੀਨੀ ਬਣਾਉਣ ਲਈ ਲਗਪਗ 550 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰੀਖਿਆ ਦੌਰਾਨ ਛੱਤਾਂ ’ਤੇ ਦੂਰਬੀਨ ਨਾਲ ਨਜ਼ਰ ਰੱਖਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਨਕਲ ਕਰਨ ਵਾਲਿਆਂ ’ਤੇ ਨਜ਼ਰ ਰੱਖੀ ਜਾ ਸਕੇ। ਸ੍ਰਿਸ਼ਟੀ ਗੁਪਤਾ ਨੇ ਸਾਰੇ ਉਮੀਦਵਾਰਾਂ ਨੂੰ ਸਮੇਂ-ਸਿਰ ਪ੍ਰੀਖਿਆ ਕੇਂਦਰ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇ ਕਿਸੇ ਉਮੀਦਵਾਰ ਨੂੰ ਰਸਤੇ ’ਚ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਉਹ ਪੁਲੀਸ ਦੀ ਮਦਦ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰੀਖਿਆ ਦੇ ਸਮੇਂ ਦੌਰਾਨ ਜੇ ਕੋਈ ਫਰਜ਼ੀ ਦਸਤਾਵੇਜ਼ ਤੇ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦਾ ਹੈ ਤਾਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਜਾਵੇ।