ਔਖੀ ਘੜੀ ’ਚ ਪੰਜਾਬ ਨੂੰ ਇਕੱਲਾ ਨਹੀਂ ਛੱਡੇਗਾ ਕੇਂਦਰ: ਨੱਢਾ
ਭਾਜਪਾ ਦੇ ਕੌਮੀ ਪ੍ਰਧਾਨ ਨੇ ਅਸ਼ਵਨੀ ਸ਼ਰਮਾ ਤੋਂ ਪੰਜਾਬ ਦੇ ਹਾਲਾਤ ਜਾਣੇ
Advertisement
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਅੱਜ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਤੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਹਾਲਾਤ ਜਾਣੇ। ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਕੌਮੀ ਪ੍ਰਧਾਨ ਨੂੰ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਜਾਣੂ ਕਰਵਾਇਆ ਅਤੇ ਨਾਲ ਹੀ ਭਾਜਪਾ ਆਗੂਆਂ ਵੱਲੋਂ ਰਾਹਤ ਕਾਰਜਾਂ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਬਾਰੇ ਵੀ ਚਾਨਣਾ ਪਾਇਆ। ਸ੍ਰੀ ਨੱਢਾ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਹਰ ਪੱਖ ਤੋਂ ਲੋੜੀਂਦੀ ਮਦਦ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਲਦ ਹੀ ਮਦਦ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਨੂੰ ਇਕੱਲਾ ਨਹੀਂ ਛੱਡਿਆ ਜਾਵੇਗਾ, ਉਹ ਖ਼ੁਦ ਪੰਜਾਬ ਦੀ ਮਦਦ ਕਰਨ ਲਈ ਕੇਂਦਰ ਦੇ ਮੰਤਰੀਆਂ ਨਾਲ ਗੱਲਬਾਤ ਕਰ ਰਹੇ ਹਨ।
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਭਾਜਪਾ ਦੇ ਸਾਰੇ ਵਰਕਰਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹੜ੍ਹ ਨਾਲ ਜੂਝ ਰਹੇ ਲੋਕਾਂ ਨੂੰ ਦਵਾਈਆਂ, ਖਾਣਾ, ਕੱਪੜੇ ਅਤੇ ਪੀਣ ਵਾਲਾ ਸਾਫ ਪਾਣੀ ਪ੍ਰਦਾਨ ਕਰਨਾ ਜ਼ਰੂਰੀ ਹੈ। ਸ੍ਰੀ ਨੱਢਾ ਨੇ ਅਸ਼ਵਨੀ ਸ਼ਰਮਾ ਦੇ ਭਰਾ ਦੇ ਦੇਹਾਂਤ ’ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।
Advertisement
ਹਰਿਆਣਾ ਨੇ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਪੰਜ-ਪੰਜ ਕਰੋੜ ਦਿੱਤੇ
ਹਰਿਆਣਾ ਸਰਕਾਰ ਨੇ ਪੰਜਾਬ ਤੇ ਜੰਮੂ ਕਸ਼ਮੀਰ ਵਿੱਚ ਹੜ੍ਹਾਂ ਕਰ ਕੇ ਹੋਈ ਤਬਾਹੀ ਦੇ ਮੱਦੇਨਜ਼ਰ ਦੋਵਾਂ ਸੂਬਿਆਂ ਨੂੰ 5-5 ਕਰੋੜ ਰੁਪਏ ਦੀ ਸਹਾਇਤੀ ਰਕਮ ਦਿੱਤੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਦੁੱਖ ਦੀ ਘੜੀ ਵਿੱਚ ਹੜ੍ਹ ਪੀੜਤਾਂ ਦੇ ਨਾਲ ਖੜ੍ਹੀ ਹੈ। ਇਸੇ ਦੌਰਾਨ ਹਰਿਆਣਾ ਸਰਕਾਰ ਵੱਲੋਂ ਮੁੱਖ ਮੰਤਰੀ ਰਿਲੀਫ ਫੰਡ ਵਿੱਚੋਂ ਦੋਵਾਂ ਸੂਬਿਆਂ ਨੂੰ 5-5 ਕਰੋੜ ਰੁਪਏ ਭੇਜੇ ਗਏ ਹਨ।
Advertisement