ਕੇਂਦਰ ਨਰਮੇ ਦੀ ਖ਼ਰੀਦ ਐੱਮ ਐੱਸ ਪੀ ’ਤੇ ਕਰੇ: ਖੁੱਡੀਆਂ
ਖੇਤੀਬਾਡ਼ੀ ਮੰਤਰੀ ਨੇ ਪੰਜਾਬ ’ਚ ਨਰਮੇ ਦੇ ਘੱਟ ਭਾਅ ਦਾ ਮੁੱਦਾ ਚੁੱਕਿਆ
Advertisement
ਪੰਜਾਬ ਵਿੱਚ ਨਰਮੇ ਦੀ ਫ਼ਸਲ ਦੇ ਸਰਕਾਰੀ ਭਾਅ ਤੋਂ ਹੇਠਾਂ ਵਿਕਣ ਕਰ ਕੇ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਵਿੱਚ ਨਰਮੇ ਦੇ ਘੱਟ ਭਾਅ ਲਈ ਕੇਂਦਰ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਸ੍ਰੀ ਖੁੱਡੀਆਂ ਨੇ ਕੇਂਦਰ ਸਰਕਾਰ ਤੋਂ ਨਰਮੇ ਦੇ ਐਲਾਨੇ ਘੱਟੋ-ਘੱਟ ਸਮਰਥਨ ਮੁੱਲ 7,710 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸੂਬੇ ਵਿੱਚ ਕਾਟਨ ਕਾਰਪੋਰੇਸ਼ਨ ਆਫ ਇੰਡੀਆ (ਸੀ ਸੀ ਆਈ) ਰਾਹੀਂ ਨਰਮੇ ਦੀ ਖ਼ਰੀਦ ਸ਼ੁਰੂ ਕਰਵਾਉਣ ਲਈ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ।
‘ਪੰਜਾਬੀ ਟ੍ਰਿਬਿਊਨ’ ਵੱਲੋਂ ਨਰਮੇ ਦੇ ਘੱਟ ਭਾਅ ’ਤੇ ਵਿਕਣ ਦਾ ਮੁੱਦਾ ਚੁੱਕਣ ਤੋਂ ਬਾਅਦ ਅੱਜ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਫ਼ਸਲੀ ਵੰਨ-ਸੁਵੰਨਤਾ ਸਬੰਧੀ ਸਰਗਰਮ ਪਹਿਲਕਦਮੀਆਂ ਸਦਕਾ ਸੂਬੇ ਵਿੱਚ ਨਰਮੇ ਹੇਠ ਰਕਬੇ ਵਿੱਚ 20 ਫ਼ੀਸਦੀ ਵਾਧਾ ਹੋਇਆ ਹੈ ਜਦੋਂਕਿ ਹੁਣ ਖ਼ਰੀਦ ਪ੍ਰਕਿਰਿਆ ਸਮੇਂ ਸੀ ਸੀ ਆਈ ਦੀ ਸ਼ੱਕੀ ਗ਼ੈਰਹਾਜ਼ਰੀ ਕਿਸਾਨਾਂ ਲਈ ਨਿਰਾਸ਼ਾ ਦੀ ਵਜ੍ਹਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਰਮੇ ਦੀ ਐੱਮ ਐੱਸ ਪੀ ’ਤੇ ਖ਼ਰੀਦ ਯਕੀਨੀ ਨਾ ਬਣਾਉਣ ਕਰ ਕੇ ਕਿਸਾਨਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਰਮੇ ਦੇ ਹਾਈਬ੍ਰਿਡ ਬੀਜਾਂ ’ਤੇ 33 ਫ਼ੀਸਦੀ ਸਬਸਿਡੀ ਅਤੇ ਹੋਰ ਸਰਗਰਮ ਪਹਿਲਕਦਮੀਆਂ ਦੇ ਨਤੀਜੇ ਵਜੋਂ ਨਰਮੇ ਹੇਠ ਰਕਬਾ 20 ਫ਼ੀਸਦ ਵਧਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਅਣਦੇਖੀ ਕਰ ਕੇ ਕਿਸਾਨ ਘੱਟ ਕੀਮਤ ’ਤੇ ਆਪਣੀ ਫ਼ਸਲ ਵੇਚਣ ਲਈ ਮਜਬੂਰ ਹਨ।
Advertisement
Advertisement