ਹੜ੍ਹਾਂ ਲਈ ਕੇਂਦਰ ਅਤੇ ‘ਆਪ’ ਤੇ ਨਾਜਾਇਜ਼ ਮਾਈਨਿੰਗ ਜ਼ਿੰਮੇਵਾਰ: ਚੰਦੂਮਾਜਰਾ
ਘੱਗਰ ਦਰਿਆ ਦਾ ਪਾਣੀ ਘਟਣਾ ਸ਼ੁਰੂ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਉਨ੍ਹਾਂ ਦੇ ਨਾਲ ਆਏ ਕਰਨ ਸਿੰਘ ਡੀਟੀਓ, ਸੁਰਜੀਤ ਸਿੰਘ ਰੱਖੜਾ ਨੇ ਮਤੌਲੀ ਨੇੜੇ ਜੰਮੂ ਕਟੜਾ ਐਕਸਪ੍ਰੈਸ ਵੇਅ ਪੁਲ ’ਤੇ ਪਹੁੰਚ ਕੇ ਘੱਗਰ ਦਰਿਆ ਦੇ ਬੰਨ੍ਹ ਬਰਬਾਦ ਕਰਨ ਵਿਰੁੱਧ ਸਵਾ ਮਹੀਨੇ ਤੋਂ ਧਰਨੇ ’ਤੇ ਬੈਠੇ ਕਿਸਾਨਾਂ ਨਾਲ ਗੱਲਬਾਤ ਕੀਤੀ।
ਇਸੇ ਦੌਰਾਨ ਕਰਨ ਸਿੰਘ ਡੀਟੀਓ ਨੇ ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ਲਈ ਇਕ ਲੱਖ ਨਗਦੀ ਤੇ ਹਜ਼ਾਰ ਲੀਟਰ ਡੀਜ਼ਲ ਦੇਣ ਦਾ ਭਰੋਸਾ ਦਿਵਾਉਂਦਿਆਂ ਪੰਜਾਬ ਦੀ ਬਰਬਾਦੀ ਲਈ 'ਆਪ' ਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।
ਉਨ੍ਹਾਂ ਕਿਹਾ ਕਿ ਪਾਰਟੀ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲ ਕੇ ਹਰਿਆਣਾ ਸਰਕਾਰ ਵੱਲੋਂ ਸੈਂਟਰਲ ਵਾਟਰ ਕਮਿਸ਼ਨ ਕੋਲ ਲਾਈ ਦਰਖਾਸਤ ਨੂੰ ਵਾਪਸ ਕਰਵਾਉਣ ਵਾਸਤੇ ਦਬਾਅ ਪਾਵੇਗੀ।
ਪ੍ਰੋਫੈਸਰ ਪ੍ਰੇਮ.ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਨਿਰਮਾਣ ਅਧੀਨ ਜੰਮੂ ਕਟੜਾ ਐਕਸਪ੍ਰੈਸਵੇਅ ਦਾ ਗਲਤ ਡਿਜ਼ਾਇਨ ਹਲਕਾ ਸ਼ੁਤਰਾਣਾ ਦੀ ਬਰਬਾਦੀ ਦਾ ਵੱਡਾ ਕਾਰਨ ਹੈ, ਕਿਉਂਕਿ 2023 ਵਿੱਚ ਹਲਕੇ ਦੇ ਲੋਕ ਵੱਡਾ ਸੰਤਾਪ ਭੋਗ ਚੁੱਕੇ ਹਨ।
ਉਨ੍ਹਾਂ ਕਿਹਾ ਹੈ ਕਿ ਪੰਜਾਬੀਆਂ ਨੇ ਹੜ੍ਹਾਂ ਦੀ ਜੋ ਮਾਰ ਝੱਲੀ ਹੈ, ਇਸ ਲਈ ਕੁਦਰਤੀ ਆਫ਼ਤ ਦੇ ਨਾਲ-ਨਾਲ ਸਰਕਾਰ ਦੀਆਂ ਗਲਤ ਨੀਤੀਆਂ, ਨਾਜਾਇਜ਼ ਮਾਈਨਿੰਗ ਵੀ ਜ਼ਿੰਮੇਵਾਰ ਹੈ, ਜਿਸ ਨੂੰ 'ਆਪ' ਸਰਕਾਰ ਰੋਕ ਨਹੀਂ ਸਕੀ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਰਨ ਸਿੰਘ ਡੀਟੀਓ ਨੇ ਕਿਹਾ ਹੈ ਕਿ ਐਕਸਪ੍ਰੈਸਵੇਅ ਦੇ ਨਿਰਮਾਣ ਦੌਰਾਨ ਘੱਗਰ ਦੇ ਦੋਵੇਂ ਬੰਨ੍ਹ ਕਮਜ਼ੋਰ ਕਰਕੇ ਲੋਕਾਂ ਦਾ ਜੀਵਨ ਖਤਰੇ ਵਿੱਚ ਪਾਉਣ ਵਾਲੇ ਵਿਅਕਤੀਆਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ, ਸਰਕਾਰ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕਰੇ।