ਕੇਂਦਰੀ ਟੀਮ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਇਸ ਮੌਕੇ ਮੰਗਾ ਰਾਮ, ਦਲਜੀਤ ਸਿੰਘ ਅਤੇ ਰੂਪ ਸਿੰਘ ਤੇ ਹੋਰ ਕਿਸਾਨਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਹੜ੍ਹਾਂ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ। ਉਨ੍ਹਾਂ ਦੇ ਖੇਤਾਂ ਵਿੱਚ ਚਾਰ ਤੋਂ ਪੰਜ ਫੁੱਟ ਰੇਤਾ ਜਮ੍ਹਾਂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਹੜ੍ਹਾਂ ਕਾਰਨ ਭਰਿਆ ਰੇਤਾ ਹਟਾ ਕੇ ਜ਼ਮੀਨਾਂ ਨੂੰ ਮੁੜ ਖੇਤੀ ਦੇ ਯੋਗ ਬਣਾਉਣ ਲਈ ਉਨ੍ਹਾਂ ਨੂੰ ਲੱਖਾਂ ਰੁਪਏ ਖ਼ਰਚ ਕਰਨੇ ਪੈਣਗੇ। ਕਿਸਾਨਾਂ ਦੀ ਗੱਲ ਸੁਣਨ ਤੋਂ ਬਾਅਦ ਅਧਿਕਾਰੀਆਂ ਨੇ ਖੇਤਾਂ ਦਾ ਨਿਰੀਖਣ ਕੀਤਾ।
ਡੀ ਸੀ ਅਦਿਤਿਆ ਉੱਪਲ ਨੇ ਦੱਸਿਆ ਕਿ ਟੀਮ ਵਿੱਚ ਚੇਅਰਮੈਨ ਅਨਿਲ ਖੇਪਰ ਸਣੇ ਟੀਮ ਮੈਂਬਰ ਡਾ. ਸੁਭਾਸ਼ ਚੰਦਰਾ, ਰਾਮ ਪ੍ਰਕਾਸ਼ ਮੀਨਾ, ਮੰਡਲ ਭੂਮੀ ਰੱਖਿਆ ਅਫ਼ਸਰ ਜੀ ਐੱਸ ਢਿੱਲੋਂ, ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਜਾਗੀਰ ਸਿੰਘ, ਮੰਡਲ ਭੂਮੀ ਰੱਖਿਆ ਅਫ਼ਸਰ ਗੁਰਪ੍ਰੀਤ ਸਿੰਘ ਆਦਿ ਸ਼ਾਮਲ ਹਨ। ਟੀਮ ਵੱਲੋਂ ਖੇਤਾਂ ਵਿੱਚ ਰੇਤਾ ਚੁੱਕਵਾ ਕੇ ਵਾਹੀਯੋਗ ਬਣਾਉਣ ’ਤੇ ਆਉਣ ਵਾਲੇ ਖ਼ਰਚੇ ਦਾ ਅੰਦਾਜ਼ਾ ਲਗਾਇਆ ਗਿਆ ਤਾਂ ਜੋ ਨਿਰਧਾਰਤ ਸਮੇਂ ਅੰਦਰ ਜ਼ਮੀਨ ਨੂੰ ਮੁੜ ਬਿਜਾਈ ਲਈ ਤਿਆਰ ਕੀਤਾ ਜਾ ਸਕੇ। ਟੀਮ ਮੈਂਬਰਾਂ ਨੇ ਕਿਹਾ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਰਿਪੋਰਟ ਤਿਆਰ ਕਰ ਕੇ ਕੇਂਦਰ ਸਰਕਾਰ ਨੂੰ ਸੌਂਪੀ ਜਾਵੇਗੀ।