ਕੇਂਦਰੀ ਟੀਮ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਰਵੇਖਣ ਲਈ ਭੇਜੀ ਗਈ ਟੀਮ ਵੱਲੋਂ ਅੱਜ ਜ਼ਿਲ੍ਹਾ ਪਠਾਨਕੋਟ ਵਿੱਚ ਰਾਵੀ ਦਰਿਆ ਨਾਲ ਲੱਗਦੇ ਇਲਾਕਿਆਂ ਵਿੱਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ। ਤਿੰਨ ਮੈਂਬਰੀ ਕੇਂਦਰੀ ਟੀਮ ਵਿੱਚ ਗ੍ਰਹਿ ਮੰਤਰਾਲੇ, ਵਿੱਤ ਮੰਤਰਾਲੇ ਅਤੇ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦੇ ਅਧਿਕਾਰੀ ਸ਼ਾਮਲ ਸਨ।
ਇਹ ਟੀਮ ਸਭ ਤੋਂ ਪਹਿਲਾਂ ਰਾਵੀ ਦਰਿਆ ’ਤੇ ਬਣੇ ਕਥਲੌਰ ਪੁਲ ਉੱਤੇ ਪੁੱਜੀ ਜਿੱਥੇ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਰਾਵੀ ਦਰਿਆ ਵਿੱਚ ਵਧਦੇ ਪਾਣੀ ਦੇ ਪੱਧਰ ਬਾਰੇ ਅਤੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਖੇਤਰਾਂ ਬਾਰੇ ਜਾਣਕਾਰੀ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਰਕੇ ਬਮਿਆਲ ਅਤੇ ਨਰੋਟ ਜੈਮਲ ਸਿੰਘ ਦੇ ਪਿੰਡਾਂ ਅੰਦਰ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਸੀ। ਰਾਵੀ ਵਿੱਚ ਪਾਣੀ ਜ਼ਿਆਦਾ ਆਉਣ ਕਰਕੇ ਕੋਹਲੀਆਂ ਅੱਡਾ ਅਤੇ ਪੰਮਾਂ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ ਕਿ ਕੋਹਲੀਆਂ ਅੱਡੇ ਕੋਲ ਰਾਵੀ ਦਰਿਆ ਨੇ ਚਾਰ ਸਥਾਨਾਂ ’ਤੇ ਅਜੇ ਵੀ ਖੋਰਾ ਲਗਾਇਆ ਹੋਇਆ ਹੈ ਅਤੇ ਉਥੇ ਪਿਛਲੇ ਇੱਕ ਹਫ਼ਤੇ ਤੋਂ ਅਸਥਾਈ ਬੰਨ੍ਹ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉੱਝ ਦਰਿਆ ਤੋਂ ਪਾਰ ਪੈਂਦੇ ਪਿੰਡਾਂ ਅਤੇ ਜਲਾਲੀਆ ਦਰਿਆ ਵਿੱਚ ਵੀ ਹੜ੍ਹ ਨੇ ਭਾਰੀ ਤਬਾਹੀ ਹੋਈ ਹੈ।
ਬਾਅਦ ਵਿੱਚ ਟੀਮ ਨੇ ਮਾਧੋਪੁਰ ਹੈੱਡਵਰਕਸ ਦਾ ਵੀ ਦੌਰਾ ਕੀਤਾ ਅਤੇ ਉੱਥੇ ਹੈੱਡਵਰਕਸ ਦੇ ਟੁੱਟ ਗਏ ਗੇਟਾਂ ਦਾ ਜਾਇਜ਼ਾ ਲਿਆ। ਟੀਮ ਮੈਂਬਰਾਂ ਨੇ ਉਥੇ ਰਾਵੀ ਦਰਿਆ ਦੇ ਪਾਣੀ ਨਾਲ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਜੋੜਨ ਵਾਲਾ ਪੁਲ ਜੋ ਕਿ ਬੈਠ ਗਿਆ ਸੀ ਅਤੇ ਬੰਦ ਕੀਤਾ ਹੋਇਆ ਹੈ, ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਹੈੱਡਵਰਕਸ ਦੀ ਪ੍ਰਭਾਵਿਤ ਹੋਈ ਇਮਾਰਤ ਨੂੰ ਵੀ ਦੇਖਿਆ।
ਅਧਿਕਾਰੀਆਂ ਨੇ ਕਿਹਾ ਕਿ ਉਹ ਹੜ੍ਹਾਂ ਦੇ ਨੁਕਸਾਨ ਸਬੰਧੀ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪਣਗੇ। ਇਸ ਮੌਕੇ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਅਰੁਨ ਸੇਖੜੀ, ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਦੀਪ ਸਿੰਘ, ਵਣ ਮੰਡਲ ਅਫ਼ਸਰ ਧਰਮਵੀਰ ਦੈੜੂ, ਐਕਸੀਅਨ ਡਰੇਨੇਜ਼ ਰਾਜਿੰਦਰ ਗੋਇਲ ਅਤੇ ਐਕਸੀਅਨ ਹੈੱਡਵਰਕਸ ਪ੍ਰਦੀਪ ਕੁਮਾਰ ਹਾਜ਼ਰ ਸਨ।