ਅੰਮ੍ਰਿਤਸਰ ਸਣੇ ਚਾਰ ਸ਼ਹਿਰਾਂ ’ਚ ਹੋਣਗੇ ਸ਼ਤਾਬਦੀ ਸਮਾਗਮ
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸਰਕਾਰ ਵੱਲੋਂ ਅੰਮ੍ਰਿਤਸਰ ਸਣੇ ਚਾਰ ਸ਼ਹਿਰਾਂ ਬਾਬਾ ਬਕਾਲਾ ਸਾਹਿਬ, ਜਲੰਧਰ ਅਤੇ ਆਨੰਦਪੁਰ ਸਾਹਿਬ ਵਿੱਚ ਯਾਦਗਾਰੀ ਸਮਾਗਮ ਕਰਵਾਏ ਜਾਣਗੇ। ਕੈਬਨਿਟ ਮੰਤਰੀਆਂ ਹਰਭਜਨ ਸਿੰਘ ਈਟੀਓ ਤੇ ਤਰੁਣਪ੍ਰੀਤ ਸਿੰਘ ਸੌਂਦ ਨੇ ਧਾਰਮਿਕ ਸਮਾਗਮਾਂ ਦੀ ਰੂਪ-ਰੇਖਾ ਬਾਰੇ ਵਿਧਾਇਕਾਂ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਅੱਜ ਇੱਥੇ ਕੈਬਨਿਟ ਮੰਤਰੀਆਂ ਨੇ ਦੱਸਿਆ ਕਿ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਨੇ ਚਰਨ ਪਾਏ ਹਨ, ਉੱਥੇ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ ਅਤੇ ਇਨ੍ਹਾਂ ਪਿੰਡਾਂ ਤੇ ਸ਼ਹਿਰਾਂ ਦਾ ਵੱਡੇ ਪੱਧਰ ’ਤੇ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਸਣੇ ਬਾਬਾ ਬਕਾਲਾ ਸਾਹਿਬ, ਜਲੰਧਰ ਅਤੇ ਆਨੰਦਪੁਰ ਸਾਹਿਬ ਵਿੱਚ ਕੀਰਤਨ ਦਰਬਾਰ ਵੀ ਕਰਵਾਏ ਜਾਣਗੇ। ਇਸ ਮੀਟਿੰਗ ਵਿਚ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕਾ ਜੀਵਨਜੋਤ ਕੌਰ, ਵਿਧਾਇਕ ਸਦਲਬੀਰ ਸਿੰਘ ਟੌਂਗ, ਵਿਧਾਇਕ ਜਸਬੀਰ ਸਿੰਘ ਸੰਧੂ, ਸੈਰ ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਅਤੇ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ ਵੀ ਮੌਜੂਦ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਸੌਂਦ ਨੇ ਦੱਸਿਆ ਕਿ ਗੁਰਦਾਸਪੁਰ, ਬਠਿੰਡਾ ਤੇ ਫਰੀਦਕੋਟ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਯਾਤਰਾਵਾਂ ਰਵਾਨਾ ਹੋਣਗੀਆਂ, ਜੋ ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਅਤੇ ਪ੍ਰਮੁੱਖ ਸ਼ਹਿਰਾਂ ’ਚੋਂ ਹੋ ਕੇ ਆਨੰਦਪੁਰ ਸਾਹਿਬ ਪਹੁੰਚਣਗੀਆਂ। ਆਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਮੁੱਖ ਧਾਰਮਿਕ ਸਮਾਗਮਾਂ ਬਾਰੇ ਉਨ੍ਹਾਂ ਦੱਸਿਆ ਕਿ ਵਿਰਾਸਤ-ਏ ਖਾਲਸਾ ਵਿਖੇ 23 ਨਵੰਬਰ ਨੂੰ ਅਖੰਡ ਪਾਠ ਸਾਹਿਬ ਰਖਾਏ ਜਾਣਗੇ। ਇਸੇ ਦਿਨ ਵਿਰਾਸਤ-ਏ ਖਾਲਸਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਦਰਸਾਉਂਦੀ ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜਾਵੇਗਾ। ਸ਼ਹੀਦੀ ਸਮਾਗਮਾਂ ਮੌਕੇ ਸਰਵ ਧਰਮ ਸੰਮੇਲਨ ਕਰਵਾਏ ਜਾਣਗੇ, ਜਿਸ ਵਿੱਚ ਸਿੱਖ ਇਤਿਹਾਸ ਬਾਰੇ ਜਾਣਕਾਰੀ ਰੱਖਣ ਵਾਲੇ ਬੁੱਧੀਜੀਵੀ ਚਰਚਾ ਕਰਨਗੇ। ਉਨ੍ਹਾਂ ਦੱਸਿਆ ਕਿ 24 ਨਵੰਬਰ ਨੂੰ ਇੱਕ ਵਿਧਾਨ ਸਭਾ ਦਾ ਵਿਸੇਸ਼ ਸੈਸ਼ਨ ਵੀ ਬੁਲਾਇਆ ਜਾਵੇਗਾ। ਇਸ ਮੌਕੇ ਨਿਹੰਗ ਸਿੰਘਾਂ ਵੱਲੋਂ ਮੁਹੱਲਾ ਖਾਲਸਾ ਪ੍ਰਦਰਸ਼ਨੀ ਕੀਤੀ ਜਾਵੇਗੀ। 25 ਨਵੰਬਰ ਦੀ ਸ਼ਾਮ ਮਿਸ਼ਾਲ-ਏ ਸ਼ਹਾਦਤ ਦੀ ਰੋਸ਼ਨੀ ਵਿੱਚ ਸੂਬੇ ਭਰ ਦੀਆਂ ਸਰਕਾਰੀ ਇਮਾਰਤਾਂ ਨੂੰ ਰੁਸ਼ਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 5 ਸਤੰਬਰ ਨੂੰ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਦੀ ਯਾਦਗਰ ਦੇ ਉਦਘਾਟਨ ਦੇ ਨਾਲ ਹੀ ਇਹ ਪ੍ਰੋਗਰਾਮ ਸ਼ੁਰੂ ਹੋ ਜਾਣਗੇ। ਇਸ ਮੌਕੇ ਦੀਪਕ ਬਾਲੀ ਨੇ ਦੱਸਿਆ ਕਿ ਆਨੰਦਪੁਰ ਸਾਹਿਬ ਨੂੰ ਸਫੈਦ ਸਿਟੀ ਬਣਾਉਣ ਲਈ ਪ੍ਰੋਗਰਾਮ ਉਲੀਕੇ ਜਾ ਚੁੱਕੇ ਹਨ, ਵਿਸੇਸ਼ ਸਫਾਈ ਮੁਹਿੰਮ ਸੁਰੂ ਹੋ ਚੁੱਕੀ ਹੈ।