ਮਾਨਸਾ ਨੇੜੇ ਲੱਗਣ ਵਾਲੀ ਸੀਮਿੰਟ ਫੈਕਟਰੀ ਰਾਜਸਥਾਨ ’ਚ ਤਬਦੀਲ
ਜੋਗਿੰਦਰ ਸਿੰਘ ਮਾਨ
ਮਾਨਸਾ, 22 ਮਈ
ਮਾਨਸਾ ਨੇੜੇ ਲੱਗਣ ਵਾਲਾ ਸੀਮਿੰਟ ਦਾ ਵੱਡਾ ਉਦਯੋਗ ਹੁਣ ਰਾਜਸਥਾਨ ਵਿੱਚ ਤਬਦੀਲ ਹੋ ਗਿਆ ਹੈ। ਦੇਸ਼ ਦੀ ਇੱਕ ਵੱਡੀ ਨਿੱਜੀ ਕੰਪਨੀ ਵੱਲੋਂ ਲਗਾਏ ਜਾ ਰਹੇ ਇਸ ਉਦਯੋਗ ਨਾਲ 2000-2500 ਨੌਜਵਾਨਾਂ ਨੂੰ ਸਿੱਧੇ ਰੂਪ ਵਿੱਚ ਰੁਜ਼ਗਾਰ ਮਿਲਣਾ ਸੀ ਅਤੇ 8 ਤੋਂ 10 ਹਜ਼ਾਰ ਲੋਕਾਂ ਨੂੰ ਅਸਿੱਧੇ ਰੂਪ ਵਿੱਚ ਇਸ ਫੈਕਟਰੀ ਦਾ ਲਾਭ ਮਿਲਣਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸੀਮਿੰਟ ਦਾ ਇਹ ਉਦਯੋਗ ਮਾਨਸਾ ਨੇੜੇ ਪਿੰਡ ਰਾਏਪੁਰ ਵਿੱਚ ਲੱਗਣਾ ਸੀ, ਇਸ ਵਾਸਤੇ ਕੰਪਨੀ ਨੇ ਬਕਾਇਦਾ ਸੌ ਏਕੜ ਦੇ ਕਰੀਬ ਜ਼ਮੀਨ ਖਰੀਦਣ ਦੀਆਂ ਕੋਸ਼ਿਸ਼ਾਂ ਵੀ ਸ਼ੁਰੂ ਕਰ ਦਿੱਤੀਆਂ ਸਨ। ਕੰਪਨੀ ਵੱਲੋਂ ਸ਼ੁਰੂ ਵਿੱਚ ਕਿਸਾਨਾਂ ਨਾਲ ਪ੍ਰਤੀ ਏਕੜ 20-22 ਲੱਖ ਰੁਪਏ ਦੀ ਕੀਮਤ ਦੇਣ ਦੀ ਗੱਲ ਚੱਲ ਰਹੀ ਸੀ, ਜੋ ਮਗਰੋਂ ਲਗਭਗ 70-72 ਲੱਖ ਰੁਪਏ ਤੱਕ ਪੁੱਜ ਗਈ ਸੀ।
ਨਿੱਜੀ ਕੰਪਨੀ ਦੇ ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਮੰਨਿਆ ਕਿ ਹੁਣ ਸੀਮਿੰਟ ਦੀ ਇਹ ਫੈਕਟਰੀ ਪੰਜਾਬ ਵਿੱਚ ਲੱਗਣ ਦੀ ਥਾਂ ਰਾਜਸਥਾਨ ਸੂਬੇ ਵਿੱਚ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਪੰਜਾਬ ਵਿੱਚ ਜ਼ਮੀਨਾਂ ਦੇ ਰੇਟ ਵੱਧ ਅਤੇ ਕਿਸਾਨ ਜਥੇਬੰਦੀਆਂ ਨਾਲ ਉਲਝਣ ਦੇ ਡਰੋਂ ਅਜਿਹਾ ਫ਼ੈਸਲਾ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਸੀਮਿੰਟ ਫੈਕਟਰੀ ਲਈ ਜ਼ਮੀਨ ਐਕੁਆਇਰ ਕਰਨ ਦੀ ਗੱਲ ਮਾਨਸਾ ਪ੍ਰਸ਼ਾਸਨ ਤੱਕ ਪੁੱਜੀ ਸੀ ਅਤੇ ਪ੍ਰਸ਼ਾਸਨ ਵੱਲੋਂ ਇਸ ਲਈ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਪਰ ਅਚਾਨਕ ਕੰਪਨੀ ਵੱਲੋਂ ਰਾਜਸਥਾਨ ਤਬਦੀਲ ਕਰਨ ਵਾਲੇ ਫ਼ੈਸਲੇ ਤੋਂ ਅਧਿਕਾਰੀ ਵੀ ਹੈਰਾਨ ਹਨ ਅਤੇ ਉਹ ਇਸ ਸਬੰਧੀ ਕੁਝ ਵੀ ਕਹਿਣ ਲਈ ਤਿਆਰ ਨਹੀਂ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਜਿੱਥੇ ਵੀ ਨਿੱਜੀ ਅਤੇ ਸਰਕਾਰੀ ਤਾਪਘਰ ਲੱਗੇ ਹਨ, ਉਥੇ ਹੀ ਸਵਾਹ ਦਾ ਲਾਹਾ ਲੈ ਕੇ ਨਿੱਜੀ ਕੰਪਨੀਆਂ ਨੇ ਸੀਮਿੰਟ ਫੈਕਟਰੀਆਂ ਲਾਈਆਂ ਹਨ ਅਤੇ ਸਿਰਫ਼ ਤਲਵੰਡੀ ਸਾਬੋ ਪਾਵਰ ਪਲਾਂਟ ਨੇੜੇ ਹੀ ਕੋਈ ਉਦਯੋਗ ਨਹੀਂ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਬਦੀਲ ਹੋਈ ਸੀਮਿੰਟ ਫੈਕਟਰੀ ਵੱਲੋਂ ਵੀ ਟੀਐੱਸਪੀਐੱਲ ਦੀ ਕੰਧ ਦੇ ਬਿਲਕੁਲ ਨੇੜੇ ਰਾਏਪੁਰ ਪਿੰਡ ਦੀ ਜ਼ਮੀਨ ਵਿੱਚ ਇਸ ਨੂੰ ਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ।
ਕੰਪਨੀ ਨੇ ਤਲਵੰਡੀ ਸਾਬੋ ਦੇ ਤਾਪਘਰ ਦਾ ਤੱਕਿਆ ਸੀ ਲਾਹਾ
ਸੂਤਰਾਂ ਅਨੁਸਾਰ ਨਿੱਜੀ ਕੰਪਨੀ ਵੱਲੋਂ ਸੀਮਿੰਟ ਦਾ ਇਹ ਵੱਡਾ ਉਦਯੋਗ ਮਾਨਸਾ ਨੇੜੇ ਲਾਉਣ ਦਾ ਫ਼ੈਸਲਾ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦਾ ਲਾਹਾ ਤੱਕ ਕੇ ਕੀਤਾ ਸੀ। ਤਾਪਘਰ ਵਿੱਚ ਪੈਦਾ ਹੁੰਦੀ ਕੋਲੇ ਦੀ ਸਵਾਹ ਸੀਮਿੰਟ ਫੈਕਟਰੀ ’ਚ ਢੋਆ-ਢੋਆਈ ਵਜੋਂ ਬਹੁਤ ਸਸਤੀ ਪੈਣੀ ਸੀ ਅਤੇ ਇਸ ਤਾਪਘਰ ਵੱਲੋਂ 35 ਲੱਖ ਮੀਟਰਕ ਟਨ ਸਵਾਹ ਹਰ ਸਾਲ ਪੈਦਾ ਹੁੰਦੀ ਹੈ, ਜੋ ਫੈਕਟਰੀ ਦੀ ਜ਼ਰੂਰਤ ਨੂੰ ਪੂਰਾ ਕਰਦੀ ਸੀ।