ਕਲਾਕਾਰਾਂ ਦੀ ਕਦਰ ਦਾ ਜਸ਼ਨ: ਬਰਨਾਲਾ ’ਚ ਹੋਵੇਗਾ 76ਵਾਂ ਕੌਮਾਂਤਰੀ ਸਨਮਾਨ ਸਮਾਗਮ
ਕੌਮਾਂਤਰੀ ਕਲਾਕਾਰ ਸੰਗਮ (ਰਜਿ.) ਬਰਨਾਲਾ ਅਤੇ ਅਦਾਰਾ ‘ਕਲਾਕਾਰ ਸਾਹਿਤਕ’ ਵੱਲੋਂ ਪੰਜਾਬੀ ਸਾਹਿਤ ਸਭਾ ਤੇ ਮਾਲਵਾ ਸਾਹਿਤ ਸਭਾ (ਰਜਿ.) ਦੇ ਸਹਿਯੋਗ ਨਾਲ 76ਵਾਂ ਸਨਮਾਨ ਵੰਡ ਸਮਾਗਮ ਇੱਥੇ ਪੱਤੀ ਰੋਡ ਸਥਿਤ ਕਲਾਕਾਰ ਭਵਨ ਵਿਖੇ 2 ਨਵੰਬਰ ਨੂੰ ਹੋਵੇਗਾ।
ਇਸ ਦੌਰਾਨ ਸ਼ਾਇਰਾ ਗੁਰਚਰਨ ਕੌਰ ਕੋਚਰ ਨੂੰ 22ਵਾਂ ਤੇ ਬਹੁ-ਪੱਖੀ ਲੇਖਕ ਜਸਬੀਰ ਭੁੱਲਰ ਨੂੰ 23ਵਾਂ ‘ਕਰਨਲ ਨਰੈਣ ਸਿੰਘ ਭੱਠਲ ਯਾਦਗਾਰੀ’ ਕਲਾਕਾਰ ਸਾਹਿਤਕ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।
ਇਸ ਤੋਂ ਇਲਾਵਾ ਉੱਘੀ ਲੇਖਿਕਾ ਤੇ ਚਿੰਤਕ ਅਰਵਿੰਦਰ ਕੌਰ ਕਾਕੜਾ ਨੂੰ ਅਠਾਰਵਾਂ ਤੇ ਪ੍ਰੋ. ਕੇ. ਕੇ. ਰੱਤੂ ਨੂੰ 19ਵਾਂ ਭਾਈ ਘਨੱਈਆ ਨਿਸ਼ਕਾਮ ਸੇਵਾ ਸਨਮਾਨ ਨਾਲ ਨਵਾਜ਼ਿਆ ਜਾਵੇਗਾ।
ਇਸ ਮੌਕੇ ਹੀ 5ਵਾਂ ‘ਪ੍ਰਿੰ: ਸੁਰਿੰਦਰਪਾਲ ਸਿੰਘ ਬਰਾੜ ਸਾਹਿਤਕ ਪੱਤਰਕਾਰ ਸਨਮਾਨ’ ਪੰਜਾਬੀ ਦੇ ਕਹਾਣੀਕਾਰ ਤੇ ਆਲੋਚਕ ਡਾ. ਜੋਗਿੰਦਰ ਸਿੰਘ ਨਿਰਾਲਾ ਨੂੰ ਪ੍ਰਦਾਨ ਕੀਤਾ ਜਾਵੇਗਾ। ਕਲਾਕਾਰ ਦਾ ਨਿਰਵਿਘਨ 150ਵਾਂ ਅੰਕ ਵੀ ਲੋਕ ਅਰਪਣ ਕੀਤਾ ਜਾਵੇਗਾ ਅਤੇ ਕਵੀ ਦਰਬਾਰ ਵੀ ਹੋਵੇਗਾ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜਫ਼ਰ ਸ਼ਿਰਕਤ ਕਰਨਗੇ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ ਤੇ ਰਵਿੰਦਰ ਭੱਠਲ ਹੋਣਗੇ।