ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰੇਗੀ ਸੀਬੀਐੱਸਈ
ਸੁਖਵਿੰਦਰ ਪਾਲ ਸੋਢੀ
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ‘ਸੀਬੀਐੱਸਈ’ ਵੱਲੋਂ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨਾਲ ਮਿਲ ਕੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਤੋਂ ਰੋਕਣ ਲਈ ਮੁਹਿੰਮ ਚਲਾਈ ਜਾਵੇਗੀ। ਇਸ ਤਹਿਤ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਸੁਰੱਖਿਅਤ ਮਾਹੌਲ ਪ੍ਰਦਾਨ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਤੋਂ ਦੂਰ ਰੱਖਣ ਲਈ ਜਾਗਰੂਕ ਕੀਤਾ ਜਾਵੇਗਾ। ਇਸ ਸਬੰਧੀ ‘ਸੀਬੀਐੱਸਈ’ ਵਲੋਂ ‘ਐਨਸੀਬੀ’ ਨਾਲ ਤਿੰਨ ਸਤੰਬਰ ਨੂੰ ਸਮਝੌਤਾ ਕੀਤਾ ਜਾਵੇਗਾ। ‘ਸੀਬੀਐੱਸਈ’ ਨੇ ਆਪਣੇ ਸਕੂਲਾਂ ਨੂੰ ਇੱਕ ਪੱਤਰ ਜਾਰੀ ਕਰ ਕੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਸਬੰਧੀ ਸੈਸ਼ਨ ਕਰਵਾਉਣ। ਇਸ ਮੁਹਿੰਮ ਤਹਿਤ ਸਕੂਲਾਂ ਦੇ ਸੁਰੱਖਿਅਤ ਮਾਹੌਲ ਨੂੰ ਉਤਸ਼ਾਹਿਤ ਕਰਨਾ ਅਹਿਮ ਜ਼ਿੰਮੇਵਾਰੀ ਹੈ। ਇਸ ਦਿਸ਼ਾ ਤਹਿਤ ਸੀਬੀਐੱਸਈ, ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨਾਲ ਮਿਲ ਕੇ ਸਕੂਲਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਵਿੱਚ ਸਹਿਯੋਗ ਕਰਨ ਲਈ ਇੱਕ ਸਮਝੌਤਾ ਪੱਤਰ (ਐੱਮਓਯੂ) ’ਤੇ ਦਸਤਖਤ ਕਰ ਰਹੀ ਹੈ। ਪੱਤਰ ਵਿੱਚ ਕਿਹਾ ਗਿਆ ਕਿ ਇਹ ਸਮਝੌਤਾ ਤਿੰਨ ਸਤੰਬਰ ਨੂੰ ਨਵੀਂ ਦਿੱਲੀ ਵਿਚ ਕੀਤਾ ਜਾਵੇਗਾ। ਸੀਬੀਐੱਸਈ ਨੇ ਕਿਹਾ ਕਿ ਇਹ ਪਹਿਲ ਨਸ਼ਾ ਮੁਕਤ ਸਕੂਲ ਵਾਤਾਵਰਨ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਦੀ ਨਿਸ਼ਾਨਦੇਹੀ ਕਰਦੀ ਹੈ। ਇਸ ਸਹਿਯੋਗ ਰਾਹੀਂ ਸੀਬੀਐੱਸਈ ਅਤੇ ਐੱਨਸੀਬੀ ਸਾਂਝੇ ਤੌਰ ’ਤੇ ਜਾਗਰੂਕਤਾ ਪ੍ਰੋਗਰਾਮ ਕਰਨਗੇ, ਵਰਕਸ਼ਾਪਾਂ ਲਾਉਣਗੇ। ਇਸ ਤਹਿਤ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਲਈ ਵੀ ਵਰਕਸ਼ਾਪਾਂ ਲਾਈਆਂ ਜਾਣਗੀਆਂ।