ਸੀਬੀਐੈੱਸਈ ਨੇ ਪ੍ਰਾਈਵੇਟ ਵਿਦਿਆਰਥੀਆਂ ਲਈ ਵਾਧੂ ਵਿਸ਼ਾ ਹਟਾਇਆ
ਚੰਡੀਗੜ੍ਹ ਦੇ ਭਵਨ ਵਿਦਿਆਲਿਆ ਸਕੂਲ ਦੇ ਅਧਿਆਪਕ ਵਰੁਣ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਸੰਸਥਾ ਵਿਚ ਕੰਮ ਕਰਨ ਵਾਲੇ ਵਿਅਕਤੀ ਦੇ ਲੜਕੇ ਲਈ ਬਾਰ੍ਹਵੀਂ ਜਮਾਤ ਦਾ ਫਾਰਮ ਭਰਨਾ ਸੀ। ਇਹ ਵਿਦਿਆਰਥੀ ਗਣਿਤ ਦਾ ਵਾਧੂ ਵਿਸ਼ਾ ਲੈਣਾ ਚਾਹੁੰਦਾ ਸੀ ਕਿਉਂਕਿ ਇਸ ਨੇ ਸਕੂਲੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਜੇਈਈ ਦੀ ਪ੍ਰੀਖਿਆ ਦੇਣੀ ਸੀ ਪਰ ਸੀਬੀਐੱਸਈ ਦੀ ਵੈਬਸਾਈਟ ’ਤੇ ਇਸ ਸਾਲ ਵਾਧੂ ਵਿਸ਼ੇ ਦੀ ਚੋਣ ਦਾ ਕਾਲਮ ਹੀ ਹਟਾ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਸੀਬੀਐੱਸਈ ਨੇ ਕੋਈ ਨੋਟਿਸ ਵੀ ਜਾਰੀ ਨਹੀਂ ਕੀਤਾ ਅਤੇ ਬਿਨਾਂ ਕੋਈ ਅਗਾਊਂ ਜਾਣਕਾਰੀ ਦਿੱਤੇ ਅਗਲੇ ਸਾਲ ਹੋਣ ਵਾਲੀ ਪ੍ਰੀਖਿਆ ਲਈ ਵਾਧੂ ਵਿਸ਼ੇ ਨੂੰ ਪ੍ਰਾਈਵੇਟ ਵਿਦਿਆਰਥੀਆਂ ਨੇ ਖਤਮ ਕਰ ਦਿੱਤਾ ਹੈ। ਇਸ ਸਬੰਧੀ ਸੀਬੀਐੱਸਈ ਦੀ ਹੈਲਪਲਾਈਨ ’ਤੇ ਵੀ ਕਈ ਵਾਰ ਫੋਨ ਕੀਤੇ ਪਰ ਕਿਸੇ ਨੇ ਵੀ ਫੋਨ ਨਾ ਚੁੱਕਿਆ। ਸੀਬੀਐੱਸਈ ਮੁਹਾਲੀ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਕਈ ਫੋਨ ਆਏ ਹਨ ਪਰ ਇਹ ਫੈਸਲਾ ਨਵੀਂ ਦਿੱਲੀ ਤੋਂ ਕੀਤਾ ਗਿਆ ਹੈ। ਇਸ ਸਬੰਧੀ ਵਿਦਿਆਰਥੀ ਆਪਣੇ ਇਤਰਾਜ਼ ਬੋਰਡ ਦੀ ਵੈੱਬਸਾਈਟ ’ਤੇ ਪਾ ਸਕਦੇ ਹਨ। ਚੰਡੀਗੜ੍ਹ ਦੇ ਸ਼ਿਸ਼ੂ ਨਿਕੇਤਨ ਸਕੂਲ ਦੀ ਅਧਿਆਪਕਾ ਸ੍ਰੀਮਤੀ ਮਦਾਨ ਨੇ ਦੱਸਿਆ ਕਿ ਨਿੱਜੀ ਵਿਦਿਆਰਥੀਆਂ ਨੂੰ ਵਾਧੂ ਵਿਸ਼ੇ ਦੀ ਚੋਣ ਕਰਨ ਦੀ ਸਹੂਲਤ ਮਿਲਣੀ ਚਾਹੀਦੀ ਹੈ ਤਾਂ ਹੀ ਉਹ ਮੁਕਾਬਲਾ ਪ੍ਰੀਖਿਆ ਲਈ ਤਿਆਰ ਹੋਣਗੇ।