ਸੀਬੀਐੱਸਈ ਵੱਲੋਂ ਸਕੂਲਾਂ ਨੂੰ ਪ੍ਰੀਖਿਆਵਾਂ ਸਬੰਧੀ ਹਦਾਇਤ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਸਕੂਲਾਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਪਿਛਲੇ ਸਮੇਂ ਤੋਂ ਸੀਬੀਐੱਸਈ ਨਾਲ ਸਬੰਧਤ ਸਕੂਲ ਕਈ ਵਿਦਿਆਰਥੀਆਂ ਦੀ ਸਹੀ ਜਾਣਕਾਰੀ ਨਹੀਂ ਭੇਜ ਰਹੇ। ਸਕੂਲਾਂ ਵੱਲੋਂ ਇਹ ਜਾਣਕਾਰੀ ਸੋਧਣ ਲਈ ਮੁੜ ਸਮਾਂ ਮੰਗਿਆ ਜਾ ਰਿਹਾ ਹੈ। ਸੀਬੀਐੱਸਈ ਨੇ ਸਕੂਲਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਵਿਦਿਆਰਥੀਆਂ ਦੀ ਸਹੀ ਜਾਣਕਾਰੀ ਭੇਜਣੀ ਯਕੀਨੀ ਬਣਾਉਣ। ਬੋਰਡ ਨੇ ਸਕੂਲਾਂ ਨੂੁੰ ਕਿਹਾ ਹੈ ਕਿ ਅਗ਼ਾਮੀ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਦੇ ਸਹੀ ਵੇਰਵੇ ਭੇਜੇ ਜਾਣ ਕਿਉਂਕਿ ਗ਼ਲਤੀਆਂ ਵਿਚ ਸੋਧ ਕਰਨ ਲਈ ਮੌਕਾ ਨਹੀਂ ਦਿੱਤਾ ਜਾਵੇਗਾ। ਇਸ ਵਾਰ ਸੀਬੀਐੱਸਈ ਨੇ ਰਜਿਸਟਰੇਸ਼ਨ ਕਰਨ ਤੋਂ ਪਹਿਲਾਂ ਹੀ ਸਕੂਲਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਸੀਬੀਐੱਸਈ ਨੇ ਅਗਲੇ ਸੈਸ਼ਨ ਲਈ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਲਿਸਟ ਆਫ਼ ਕੈਂਡੀਡੇਟਸ (ਐੱਲਓਸੀ) ਦੀ ਜਾਣਕਾਰੀ ਦੇਣ ਬਾਰੇ ਤਰੀਕ ਦਾ ਐਲਾਨ ਨਹੀਂ ਕੀਤਾ। ਬੋਰਡ ਦੇ ਪ੍ਰੀਖਿਆਵਾਂ ਕੰਟਰੋਲਰ ਡਾ. ਸੰਯਮ ਭਾਰਦਵਾਜ ਨੇ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਸੀਬੀਐੱਸਈ ਅਗਲੇ ਸਾਲ 2026 ਵਿੱਚ ਤਿੰਨ ਵੱਡੀਆਂ ਪ੍ਰੀਖਿਆਵਾਂ ਕਰਵਾ ਰਿਹਾ ਹੈ। ਦਸਵੀਂ ਅਤੇ ਬਾਰ੍ਹਵੀਂ ਦੀ ਮੁੱਖ ਪ੍ਰੀਖਿਆ ਫਰਵਰੀ ਅਤੇ ਮਾਰਚ ਵਿਚ ਹੋਵੇਗੀ। ਦਸਵੀਂ ਜਮਾਤ ਦੀ ਦੂਜੀ ਪ੍ਰੀਖਿਆ ਮਈ ਵਿਚ ਹੋਵੇਗੀ ਜਦੋਂ ਕਿ ਬਾਰ੍ਹਵੀਂ ਜਮਾਤ ਲਈ ਸਪਲੀਮੈਂਟਰੀ ਪ੍ਰੀਖਿਆਵਾਂ ਜੁਲਾਈ ਵਿਚ ਹੋਣਗੀਆਂ।
ਮਾਨਤਾ ਲਈ ਦਰਖਾਸਤ ਕਰਨ ਦੀ ਤਰੀਕ ਵਧਾਈ
ਸੀਬੀਐੱਸਈ ਨੇ ਸਕੂਲਾਂ ਲਈ ਮਾਨਤਾ ਲੈਣ ਲਈ ਆਖਰੀ ਤਰੀਕ ਵਧਾ ਕੇ 20 ਅਗਸਤ ਕਰ ਦਿੱਤੀ ਹੈ। ਬੋਰਡ ਦੇ ਸਕੱਤਰ ਹਿਮਾਂਸ਼ੂ ਗੁਪਤਾ ਨੇ ਇਸ ਬਾਰੇ ਸਕੂਲਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਪੱਤਰ ਵਿੱਚ ਮਾਨਤਾ ਨਿਯਮਾਂ ਬਾਰੇ ਕੀਤੀਆਂ ਗਈਆਂ ਸੋਧਾਂ ਬਾਰੇ ਦੱਸਿਆ ਗਿਆ ਹੈ। ਇਹ ਵੀ ਦੱਸਿਆ ਗਿਆ ਕਿ ਸੈਸ਼ਨ 2026-27 ਲਈ ਮਾਨਤਾ ਲੈਣ ਦੀ ਆਖਰੀ ਤਰੀਕ 31 ਜੁਲਾਈ ਸੀ।