ਸੀਬੀਆਈ ਤੇ ਆਈਪੀਐੱਸ ਅਫ਼ਸਰ ਬਣ ਕੇ ਪ੍ਰੋਫੈਸਰ ਤੋਂ 20 ਲੱਖ ਰੁਪਏ ਠੱਗੇ
ਸਾਈਬਰ ਠੱਗਾਂ ਨੇ ਸੀਬੀਆਈ ਅਫ਼ਸਰ ਬਣ ਕੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ (ਗਡਵਾਸੂ) ਦੇ ਪ੍ਰੋਫੈਸਰ ਨੂੰ 14 ਦਿਨ ਤੱਕ ਲਗਾਤਾਰ ਡਿਜੀਟਲ ਅਰੈਸਟ ਕਰਕੇ ਰੱਖਿਆ ਤੇ ਉਸ ਨਾਲ 20 ਲੱਖ ਰੁਪਏ ਦੀ ਠੱਗੀ ਮਾਰ ਲਈ। ਗਡਵਾਸੂ ਦੇ ਪ੍ਰੋਫੈਸਰ ਡਾ. ਡੀਐੱਸ ਮਲਿਕ ਦੀ ਸ਼ਿਕਾਇਤ ’ਤੇ ਸਾਈਬਰ ਸੈੱਲ ਦੀ ਟੀਮ ਨੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪ੍ਰੋਫੈਸਰ ਮਲਿਕ ਨੂੰ 2 ਜੁਲਾਈ ਨੂੰ ਫੋਨ ਆਇਆ, ਜਿਸ ਵਿੱਚ ਕਾਲ ਕਰਨ ਵਾਲੇ ਨੇ ਖੁਦ ਨੂੰ ਸੀਬੀਆਈ ਅਧਿਕਾਰੀ ਦੱਸਿਆ। ਉਸ ਨੂੰ ਦੱਸਿਆ ਗਿਆ ਕਿ ਉਹ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਫਸ ਗਿਆ ਹੈ ਅਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਉਸ ਨੂੰ ਤੁਰੰਤ ਪੈਸੇ ਦੇਣੇ ਪੈਣਗੇ। ਡਰ ਦੇ ਕਾਰਨ ਉਨ੍ਹਾਂ 10 ਲੱਖ ਰੁਪਏ ਟਰਾਂਸਫਰ ਕੀਤੇ ਅਤੇ ਬਾਅਦ ਵਿੱਚ ਧੋਖਾਧੜੀ ਕਰਨ ਵਾਲਿਆਂ ਨੂੰ ਹੋਰ ਪੈਸੇ ਦੇ ਦਿੱਤੇ। ਇਸ ਤੋਂ ਬਾਅਦ 15 ਜੁਲਾਈ ਨੂੰ ਇੱਕ ਹੋਰ ਵੀਡੀਓ ਕਾਲ ਆਈ, ਜਿਸ ’ਚ ਆਈਪੀਐੱਸ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੇ ਹੋਰ 10 ਲੱਖ ਰੁਪਏ ਮੰਗੇ। ਇਸ ਵਾਰ ਪ੍ਰੋਫੈਸਰ ਨੇ ਬੈਂਕ ਆਫ ਬੜੌਦਾ ਤੋਂ ਕਰਜ਼ਾ ਲਿਆ ਅਤੇ ਰਕਮ ਧੋਖਾਧੜੀ ਕਰਨ ਵਾਲਿਆਂ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ।