ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਪੁੰਸਕ ਬਣਾਉਣ ਦਾ ਮਾਮਲਾ: ਡੇਰੇ ’ਤੇ ਧਮਕੀਆਂ ਦੇੇਣ ਦਾ ਦੋਸ਼

ਮੁੱਖ ਗਵਾਹ ਨੇ ਕੇਸ ਦੀ ਜਿਰ੍ਹਾ ਵੀਡੀਓ ਕਾਨਫਰੰਸ ਰਾਹੀਂ ਕਰਾਉਣ ਦੀ ਕੀਤੀ ਮੰਗ
Advertisement

ਭਰਤੇਸ਼ ਸਿੰਘ ਠਾਕੁਰ

ਚੰਡੀਗੜ੍ਹ, 12 ਜੁਲਾਈ

Advertisement

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਖ਼ਿਲਾਫ਼ ਨਪੁੰਸਕ ਬਣਾਉਣ ਸਬੰਧੀ ਕੇਸ ਵਿੱਚ ਪੀੜਤ ਤੇ ਮੁੱਖ ਗਵਾਹ ਨੇ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਧਮਕੀਆਂ ਮਿਲਣ ਦਾ ਦੋਸ਼ ਲਾਇਆ ਹੈ ਅਤੇ ਅਮਰੀਕਾ ਵਿੱਚ ਪਨਾਹ ਲਈ ਅਰਜ਼ੀ ਦਿੱਤੀ ਹੈ। ਉਹ ਚਾਹੁੰਦਾ ਹੈ ਕਿ ਧਮਕੀਆਂ ਕਾਰਨ ਕੇਸ ਵਿੱਚ ਉਸ ਦੀ ਜਿਰ੍ਹਾ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਈ ਜਾਵੇ ਪਰ ਰਾਮ ਰਹੀਮ ਇਸ ਦਾ ਵਿਰੋਧ ਕਰ ਰਿਹਾ ਹੈ। ਇਹ ਪੀੜਤ ਹੀ ਸੀ, ਜਿਸ ਦੀ ਪਟੀਸ਼ਨ ’ਤੇ 2015 ਵਿੱਚ ਸੀਬੀਆਈ ਵੱਲੋਂ ਡੇਰਾ ਮੁਖੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਅਤੇ ਫਿਰ 2018 ਵਿੱਚ ਡਾਕਟਰਾਂ ਦੀ ਮਿਲੀਭੁਗਤ ਨਾਲ ਪੈਰੋਕਾਰਾਂ ਨੂੰ ਨਪੁੰਸਕ ਬਣਾਏ ਜਾਣ ਸਬੰਧੀ ਚਾਰਜਸ਼ੀਟ ਦਾਖਲ ਕੀਤੀ ਗਈ ਸੀ। ਪੰਚਕੂਲਾ ਦੀ ਹੇਠਲੀ ਅਦਾਲਤ ਦੇ ਸਾਹਮਣੇ ਪੀੜਤ ਨੇ ਆਪਣੇ ਵਕੀਲ ਨਵਕਿਰਨ ਸਿੰਘ ਰਾਹੀਂ ਦੱਸਿਆ ਕਿ ਉਹ ਜੂਨ 2024 ’ਚ ਆਪਣੀ ਪਤਨੀ ਤੇ ਤਿੰਨ ਬੱਚਿਆਂ ਨਾਲ ਅਮਰੀਕਾ ਚਲਾ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਆਪਣੀ ਜਾਨ ਦਾ ਖਤਰਾ ਸੀ। ਉਸ ਨੇ ਕਿਹਾ ਕਿ ਉਹ ਭਾਰਤ ਵਾਪਸ ਆਉਣ ਦਾ ਇੱਛੁਕ ਨਹੀਂ ਹੈ ਪਰ ਮਾਮਲੇ ’ਚ ਵੀਡੀਓ ਕਾਨਫਰੰਸ ਰਾਹੀਂ ਜਿਰ੍ਹਾ ਕਰਾਉਣ ਲਈ ਤਿਆਰ ਹੈ। ਉਸ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਆਰਥਿਕ ਤੰਗੀ ਕਾਰਨ ਉਸ ਦੀ ਪਤਨੀ ਤੇ ਬੱਚੇ ਭਾਰਤ ਵਾਪਸ ਆ ਗਏ ਹਨ ਤੇ ਟੋਹਾਣਾ (ਹਰਿਆਣਾ) ’ਚ ਰਹਿ ਰਹੇ ਹਨ। ਉਸ ਨੇ ਦੱਸਿਆ ਕਿ ਰਾਮ ਰਹੀਮ ਦੇ ਪੈਰੋਕਾਰਾਂ ਵੱਲੋਂ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਦੇ ਆਧਾਰ ’ਤੇ ਉਸ ਨੇ ਅਮਰੀਕਾ ’ਚ ਪਨਾਹ ਲਈ ਅਰਜ਼ੀ ਦਿੱਤੀ ਹੈ। ਗਵਾਹ ਨੇ ਕਿਹਾ ਕਿ ਉਸ ਨੇ ਹਾਲਾਂਕਿ 25 ਮਾਰਚ ਤੇ 8 ਅਪਰੈਲ ਨੂੰ ਸੀਬੀਆਈ ਨੂੰ ਪੱਤਰ ਲਿਖ ਕੇ ਆਪਣੇ ਪਰਿਵਾਰਕ ਮੈਂਬਰਾਂ ਲਈ ਸੁਰੱਖਿਆ ਮੰਗੀ ਸੀ ਤੇ ਡੇਰਾ ਮੁਖੀ ਦੇ ਪੈਰੋਕਾਰਾਂ ਵੱਲੋਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਬਾਰੇ ਜਾਣਕਾਰੀ ਦਿੱਤੀ ਸੀ। ਉਸ ਨੇ ਸ਼ਿਕਾਇਤ ਕੀਤੀ ਕਿ ਸੀਬੀਆਈ ਨੇ ਵੀਡੀਓ ਕਾਨਫਰੰਸ ਰਾਹੀਂ ਗਵਾਹੀ ਦਰਜ ਕਰਾਉਣ ਦੀ ਇਜਾਜ਼ਤ ਮੰਗਣ ਲਈ ਇਸ ਅਦਾਲਤ ’ਚ ਰਸਮੀ ਅਰਜ਼ੀ ਨਹੀਂ ਦਿੱਤੀ। ਉਸ ਨੇ 11 ਜੁਲਾਈ ਨੂੰ ਅਦਾਲਤ ਨੂੰ ਦੱਸਿਆ ਕਿ 24 ਮਈ ਨੂੰ ਉਸ ਦੇ ਪਰਿਵਾਰ ਦੀ ਸੁਰੱਖਿਆ ਵਾਪਸ ਲੈ ਲਈ ਗਈ ਅਤੇ ਡੇਰਾ ਪੈਰੋਕਾਰਾਂ ਵੱਲੋਂ ਧਮਕੀਆਂ ਦਿੱਤੇ ਜਾਣ ਮਗਰੋਂ ਉਸ ਦੀ ਪਤਨੀ ਨੇ 26 ਮਈ ਨੂੰ ਫਤਿਹਾਬਾਦ ਦੇ ਐੱਸਪੀ, ਸੀਬੀਆਈ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਇਸ ਬਾਰੇ ਪੱਤਰ ਲਿਖਿਆ ਸੀ। ਦੂਜੇ ਪਾਸੇ ਰਾਮ ਰਹੀਮ ਨੇ 11 ਜੁਲਾਈ ਆਪਣੇ ਵਕੀਲ ਅਮਰ ਡੀ. ਕਾਮਰਾ ਰਾਹੀਂ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਕਿ ਉਹ ਮੌਜੂਦਾ ਸਮੇਂ ਅਹਿਮ ਗਵਾਹ ਹੈ ਕਿਉਂਕਿ ਉਹ ਸ਼ਿਕਾਇਤਕਰਤਾ ਹੈ ਜਿਸ ਕਾਰਨ ਇਹ ਕੇਸ ਦਰਜ ਕੀਤਾ ਗਿਆ। ਉਸ ਨੇ ਧਮਕੀਆਂ ਦਿੱਤੇ ਜਾਣ ਦੇ ਦੋਸ਼ਾਂ ਨੂੰ ਵੀ ਝੂਠਾ ਕਰਾਰ ਦਿੱਤਾ। ਇਸੇ ਦੌਰਾਨ ਸੀਬੀਆਈ ਨੇ ਪੀੜਤ ਦੇ ਪਰਿਵਾਰ ਨੂੰ ਸੁਰੱਖਿਆ ਬਾਰੇ ਅਰਜ਼ੀ ’ਤੇ ਜਵਾਬ ਦੇਣ ਲਈ ਸਮਾਂ ਮੰਗਿਆ ਹੈ।

Advertisement