ਨਗ਼ਦੀ ਮਾਮਲਾ: ਹਾਈ ਕੋਰਟ ਵਲੋਂ ਮੁਅੱਤਲ ਐੱਸ.ਡੀ.ਐੱਮ ਗੁਰਬੀਰ ਸਿੰਘ ਕੋਹਲੀ ਦੀ 28 ਨਵੰਬਰ ਤੱਕ ਗ੍ਰਿਫ਼ਤਾਰੀ ’ਤੇ ਰੋਕ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੁਅੱਤਲ ਐੱਸ.ਡੀ.ਐੱਮ ਗੁਰਬੀਰ ਸਿੰਘ ਕੋਹਲੀ ਨੂੰ ਕੁਝ ਰਾਹਤ ਦਿੱਤੀ ਹੈ। ਜਸਟਿਸ ਸੁਵੀਰ ਸਹਿਗਲ ਦੀ ਅਦਾਲਤ ਨੇ ਕੋਹਲੀ ਵੱਲੋਂ ਦਾਇਰ ਅਗਾਊਂ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ 28 ਨਵੰਬਰ ਤੱਕ ਉਸ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਅਗਲੀ ਸੁਣਵਾਈ 28 ਨਵੰਬਰ ਨਿਰਧਾਰਿਤ ਕਰਦਿਆਂ ਪੰਜਾਬ ਸਰਕਾਰ ਅਤੇ ਚੌਕਸੀ ਵਿਭਾਗ ਨੂੰ ਕੇਸ ਦੀ ਫਾਈਲ ਅਤੇ ਸਟੇਟਸ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਕਾਬਲੇ-ਗ਼ੌਰ ਹੈ ਕਿ 12 ਜੂਨ ਨੂੰ ਰਾਏਕੋਟ ਐੱਸ.ਡੀ.ਐੱਮ ਦਫ਼ਤਰ ਵਿੱਚ ਛਾਪੇਮਾਰੀ ਕਰਕੇ ਲੁਧਿਆਣਾ ਚੌਕਸੀ ਵਿਭਾਗ ਲੁਧਿਆਣਾ ਰੇਂਜ ਦੀ ਟੀਮ ਨੇ ਡੀ.ਐੱਸ.ਪੀ ਸ਼ਿਵ ਚੰਦ ਦੀ ਅਗਵਾਈ ਹੇਠ ਤਤਕਾਲੀ ਐੱਸ.ਡੀ.ਐੱਮ ਗੁਰਬੀਰ ਸਿੰਘ ਕੋਹਲੀ ਦੇ ਸਟੈਨੋ ਜਤਿੰਦਰ ਸਿੰਘ ਨੀਟਾ ਦੇ ਦਫ਼ਤਰ ਦੀ ਅਲਮਾਰੀ ਵਿੱਚੋਂ 24 ਲੱਖ 6 ਹਜ਼ਾਰ ਰੁਪਏ ਦੀ ਰਕਮ ਬਰਾਮਦ ਕੀਤੀ ਸੀ। ਉਸੇ ਸਮੇਂ ਜਤਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਹੁਣ ਤੱਕ ਉਹ ਜੁਡੀਸ਼ੀਅਲ ਹਿਰਾਸਤ ਵਿੱਚ ਲੁਧਿਆਣਾ ਜੇਲ੍ਹ ਵਿੱਚ ਬੰਦ ਹਨ। ਵਿਜੀਲੈਂਸ ਥਾਣਾ ਲੁਧਿਆਣਾ ਵਿੱਚ ਉਸੇ ਦਿਨ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।
