ਮਹਿਲਾ ਕਾਂਸਟੇਬਲ ਦੇ ਦੋਸਤ ਖ਼ਿਲਾਫ਼ ਪਤਨੀ ਦੀ ਕੁੱਟਮਾਰ ਦਾ ਕੇਸ ਦਰਜ
ਸ਼ਗਨ ਕਟਾਰੀਆ
ਬਠਿੰਡਾ, 5 ਅਪਰੈਲ
ਨਸ਼ਾ ਤਸਕਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਮਹਿਲਾ ਕਾਂਸਟੇਬਲ ਦੇ ਕਥਿਤ ਦੋਸਤ ਖ਼ਿਲਾਫ਼ ਉਸ ਦੀ ਪਤਨੀ ਨੇ ਕੁੱਟਮਾਰ ਦੇ ਦੋਸ਼ ਹੇਠ ਪਰਚਾ ਦਰਜ ਕਰਵਾ ਦਿੱਤਾ ਹੈ। ਇਸ ਸਬੰਧੀ ਥਾਣਾ ਸਿਵਲ ਲਾਈਨਜ਼ ਬਠਿੰਡਾ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 126 (2), 115 (2) ਅਤੇ 351 (2) ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਪਤੀ ਪਤਨੀ ਵਿਚਾਲੇ ਝਗੜੇ ਦਾ ਗੰਭੀਰ ਨੋਟਿਸ ਲੈਂਦਿਆਂ ਐੱਸਐੱਸਪੀ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਸ਼ਿਕਾਇਤਕਰਤਾ ਗੁਰਮੀਤ ਕੌਰ ਵਾਸੀ ਸਿਕੰਦਰਪੁਰ ਜ਼ਿਲ੍ਹਾ ਸਿਰਸਾ (ਹਰਿਆਣਾ) ਨੇ ਕਿਹਾ ਕਿ ਉਸ ਦੇ ਪਤੀ ਬਲਵਿੰਦਰ ਸਿੰਘ ਨੇ 4 ਅਪਰੈਲ ਨੂੰ ਜ਼ਿਲ੍ਹਾ ਕਚਹਿਰੀਆਂ ਬਠਿੰਡਾ ਵਿੱਚ ਉਸ ਦੀ ਕੁੱਟਮਾਰ ਕੀਤੀ। ਉਸ ਦਾ ਪਤੀ ਕਿਸੇ ਹੋਰ ਔਰਤ ਨਾਲ ਰਹਿੰਦਾ ਹੈ ਅਤੇ ਉਸ ਦੀ ਕੁੱਟਮਾਰ ਕਰਦਾ ਹੈ। ਪੁਲੀਸ ਵੱਲੋਂ ਹਾਲੇ ਤੱਕ ਇਸ ਮਾਮਲੇ ’ਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਗੌਰਤਲਬ ਹੈ ਕਿ 2 ਅਪਰੈਲ ਨੂੰ ਇੱਥੋਂ ਦੇ ਲਾਡਲੀ ਧੀ ਚੌਕ ’ਚ ਥਾਰ ’ਤੇ ਸਵਾਰ ਮਹਿਲਾ ਪੁਲੀਸ ਕਾਂਸਟੇਬਲ ਅਮਨਦੀਪ ਕੌਰ ਕੋਲੋਂ ਬਠਿੰਡਾ ਪੁਲੀਸ ਨੇ 17.71 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਇਸ ਤੋਂ ਬਾਅਦ ਗੁਰਮੀਤ ਕੌਰ ਨੇ ਮੀਡੀਆ ਸਾਹਮਣੇ ਉਸ ਦੇ ਪਤੀ ਦੇ ਅਮਨਦੀਪ ਕੌਰ ਨਾਲ ਨਾਜਾਇਜ਼ ਸਬੰਧ ਹੋਣ ਦੇ ਦੋਸ਼ ਲਾਏ ਸਨ। ਬੀਤੇ ਦਿਨ ਅਮਨਦੀਪ ਕੌਰ ਦੀ ਸਥਾਨਕ ਅਦਾਲਤ ’ਚ ਪੇਸ਼ੀ ਮੌਕੇ ਉੱਥੇ ਮੌਜੂਦ ਬਲਵਿੰਦਰ ਸਿੰਘ ਅਤੇ ਗੁਰਮੀਤ ਕੌਰ ਵਿਚਾਲੇ ਝਗੜਾ ਵੀ ਹੋਇਆ ਸੀ। ਉਧਰ ਬਲਵਿੰਦਰ ਸਿੰਘ ਨੇ ਗੁਰਮੀਤ ਕੌਰ ਨੂੰ ਆਪਣੀ ਪਤਨੀ ਮੰਨਣ ਤੋਂ ਇਨਕਾਰ ਕੀਤਾ ਸੀ। ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਨੇ ਕਮਿਸ਼ਨ ਦੀ ਚੇਅਰਪਰਸਨ ਦੇ ਹਵਾਲੇ ਨਾਲ ਐੱਸਐੱਸਪੀ ਬਠਿੰਡਾ ਨੂੰ ਪੱਤਰ ਲਿਖ਼ਿਆ ਹੈ, ਜਿਸ ਵਿੱਚ ਇਹ ਵੀ ਕਿਹਾ ਗਿਆ ਕਿ ਮਾਮਲੇ ਦੀ ਡੀਐੱਸਪੀ ਰੈਂਕ ਦੇ ਅਧਿਕਾਰੀ ਤੋਂ ਪੜਤਾਲ ਕਰਵਾਈ ਜਾਵੇ ਅਤੇ ਕਾਰਵਾਈ ਬਾਰੇ ਕਮਿਸ਼ਨ ਨੂੰ ਦੋ ਦਿਨਾਂ ਦੇ ਅੰਦਰ-ਅੰਦਰ ਈਮੇਲ ਭੇਜਣੀ ਯਕੀਨੀ ਬਣਾਈ ਜਾਵੇ।