ਬੱਚਾ ਵੇਚਣ ਅਤੇ ਖਰੀਦਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
ਚਿੱਟੇ ਖਾਤਰ 6 ਮਹੀਨੇ ਦੇ ਜਿਗਰ ਦੇ ਟੁਕੜੇ ਨੂੰ ਇਕ ਲੱਖ 80 ਹਜ਼ਾਰ ਰੁਪਏ ’ਚ ਵੇਚਣ ਵਾਲੇ ਮਾਪਿਆਂ ਅਤੇ ਉਸ ਨੂੰ ਗੋਦ ਲੈਣ ਵਾਲੇ ਜੋੜੇ ਖਿਲਾਫ਼ ਥਾਣਾ ਬਰੇਟਾ ਦੀ ਪੁਲੀਸ ਨੇ ਬੱਚਾ ਤਸਕਰੀ ਦੇ ਦੋਸ਼ ਅਧੀਨ ਮਾਮਲਾ ਦਰਜ ਕਰਕੇ 2 ਵਿਅਕਤੀਆਂ ਅਤੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਇਹ ਮਾਮਲਾ ਮਾਸੂਮ ਬੱਚੇ ਦੀ ਮਾਸੀ ਦੇ ਬਿਆਨ ’ਤੇ ਦਰਜ ਕੀਤਾ ਹੈ, ਜਦੋਂ ਕਿ ਬੱਚਾ ਗੋਦ ਲੈਣ ਵਾਲਿਆਂ ਵਲੋਂ ਕਾਨੂੰਨੀ ਪ੍ਰਕਿਰਿਆ ਪੂਰੀ ਤਰ੍ਹਾਂ ਨਹੀਂ ਅਪਣਾਈ ਗਈ। ਇਨ੍ਹਾਂ ਦੇ ਖ਼ਿਲਾਫ਼ ਵੀ ਇਸ ਦੋਸ਼ ਅਧੀਨ ਪੁਲੀਸ ਨੇ ਮਾਮਲਾ ਦਰਜ ਕਰਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 6 ਮਹੀਨਿਆਂ ਦੇ ਮਾਸੂਮ ਦਾ ਪੁਲੀਸ ਨੇ ਮੈਡੀਕਲ ਕਰਵਾਉਣ ਤੋਂ ਬਾਅਦ ਅਨਾਥ ਆਸ਼ਰਮ ਨਥਾਣਾ ਵਿਖੇ ਭੇਜ ਦਿੱਤਾ ਹੈ। ਚਿੱਟੇ ਦੇ ਆਦੀ ਪਿੰਡ ਅਕਬਰਪੁਰ ਖੁਡਾਲ ਦੇ ਜੋੜੇ ਸੰਦੀਪ ਸਿੰਘ, ਉਸ ਦੀ ਪਤਨੀ ਗੁਰਮਨ ਕੌਰ ਨੇ ਬੁਢਲਾਡਾ ਸ਼ਹਿਰ ਦੇ ਕਬਾੜੀਏ ਸੰਜੂ ਅਤੇ ਆਰਤੀ ਨੂੰ ਆਪਣਾ 6 ਮਹੀਨੇ ਦਾ ਬੱਚਾ 1 ਲੱਖ 80 ਹਜ਼ਾਰ ਰੁਪਏ ਵਿਚ ਕਥਿਤ ਤੌਰ ’ਤੇ ਵੇਚ ਦਿੱਤਾ। ਮਾਂ ਦੀ ਮਮਤਾ ਜਾਗੀ ਤਾਂ ਉਸ ਨੇ ਬੱਚਾ ਵਾਪਸ ਲੈਣ ਲਈ ਪੁਲੀਸ ਤੱਕ ਪਹੁੰਚ ਕੀਤੀ, ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਸਾਹਮਣੇ ਆਇਆ।
ਬਰੇਟਾ ਪੁਲੀਸ ਨੇ 6 ਮਹੀਨੇ ਦੇ ਮਾਸੂਮ ਦੀ ਮਾਸੀ ਰਿਤੂ ਵਰਮਾ ਦੇ ਬਿਆਨ ’ਤੇ ਬੱਚੇ ਨੂੰ ਵੇਚਣ ਵਾਲੇ ਪਿਓ ਸੰਦੀਪ ਸਿੰਘ, ਮਾਂ ਗੁਰਮਨ ਕੌਰ ਵਾਸੀ ਅਕਬਰਪੁਰ ਖੁਡਾਲ, ਗੋਦ ਲੈਣ ਵਾਲੇ ਸੰਜੂ, ਉਸ ਦੀ ਪਤਨੀ ਆਰਤੀ ਵਾਸੀ ਬੁਢਲਾਡਾ ਖ਼ਿਲਾਫ਼ ਬੱਚਾ ਤਸਕਰੀ ਦਾ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਪੁਲੀਸ ਨੇ ਪੜਤਾਲ ਦੌਰਾਨ ਪਾਇਆ ਹੈ ਕਿ ਇਸ ਤਰ੍ਹਾਂ ਬੱਚਾ ਵੇਚਣਾ ਤਸਕਰੀ ਹੈ ਅਤੇ ਗੋਦ ਲੈਣ ਵਾਲਿਆਂ ਨੇ ਪੂਰੀ ਤਰ੍ਹਾਂ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ। ਛੇ ਮਹੀਨੇ ਦੇ ਮਾਸਮੂ ਦੀ ਮਾਸੀ ਨੇ ਕਿਹਾ ਕਿ ਬੱਚਾ ਗੋਦ ਲੈਣ ਵਾਲਿਆਂ ਨੇ ਸੰਦੀਪ ਅਤੇ ਗੁਰਮਨ ਕੌਰ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਬੱਚੇ ਦੀ ਤਸਕਰੀ ਕੀਤੀ ਹੈ। ਥਾਣਾ ਬਰੇਟਾ ਦੇ ਮੁਖੀ ਬਲਦੇਵ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ, ਗੁਰਮਨ ਕੌਰ ਅਤੇ ਸੰਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਆਰਤੀ ਗ੍ਰਿਫ਼ਤ ਤੋਂ ਬਾਹਰ ਹੈ। ਮਾਮਲੇ ਵਿਚ ਆਰਤੀ ਦੀ ਭੂਮਿਕਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਬੱਚੇ ਦਾ ਡਾਕਟਰੀ ਮੁਆਇਨਾ ਕਰਵਾਉਣ ਤੋਂ ਬਾਅਦ ਅਨਾਥ ਆਸ਼ਰਮ ਨਥਾਣਾ ਦੇ ਹਵਾਲੇ ਕਰ ਦਿੱਤਾ ਗਿਆ ਹੈ।
