ਧਮਕੀਆਂ ਦੇਣ ਕਾਰਨ ਸੋਫਤ ਪਰਿਵਾਰ ਖ਼ਿਲਾਫ਼ ਕੇਸ ਦਰਜ
ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ ਇਥੇ ਡਾ. ਸੋਫਤ ਪਰਿਵਾਰ ਦੇ ਪੰਜ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਡਿਵੀਜ਼ਨ ਨੰਬਰ-8 ਪੁਲੀਸ ਨੇ ਆਮਦਨ ਕਰ ਵਿਭਾਗ ਦੇ ਆਈ ਆਰ ਐੱਸ ਅਧਿਕਾਰੀ ਅਨੁਰਾਗ ਢੀਂਡਸਾ ਦੀ ਸ਼ਿਕਾਇਤ ’ਤੇ ਕਾਲਜ ਰੋਡ ’ਤੇ ਸਥਿਤ ਸੋਫਤ ਹਸਪਤਾਲ ਦੇ ਡਾ. ਜਗਦੀਸ਼ ਰਾਏ ਸੋਫਤ, ਰਮਾ ਸੋਫਤ, ਅਮਿਤ ਸੋਫਤ, ਰੁਚਿਕਾ ਸੋਫਤ ਤੇ ਹੀਰਾ ਸਿੰਘ ਰੋਡ ਦੇ ਡਾ. ਸੁਮਿਤ ਸੋਫਤ ਖ਼ਿਲਾਫ਼ ਵੱਖ-ਵੱਖ ਧਾਰਾਵਾਂ ’ਤੇ ਕੇਸ ਦਰਜ ਕੀਤਾ ਹੈ। ਥਾਣਾ ਡਿਵੀਜ਼ਨ-8 ਦੇ ਐੱਸ ਐੱਚ ਓ ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਪਿਛਲੇ ਸਾਲ 18 ਦਸੰਬਰ ਨੂੰ ਆਮਦਨ ਕਰ ਵਿਭਾਗ ਦੇ ਪ੍ਰਿੰਸੀਪਲ ਡਾਇਰੈਕਟਰ ਦੇ ਹੁਕਮਾਂ ’ਤੇ ਆਮਦਨ ਕਰ ਵਿਭਾਗ ਨੇ ਸੋਫਤ ਪਰਿਵਾਰ ਦੇ ਪੰਜ ਟਿਕਾਣਿਆਂ ਰਿਹਾਇਸ਼, ਹਸਪਤਾਲ ਅਤੇ ਦਫ਼ਤਰਾਂ ਵਿੱਚ ਛਾਪੇ ਮਾਰੇ ਸਨ। ਇਹ ਜਾਂਚ ਪਰਿਵਾਰ ਦੇ ਰੀਅਲ ਅਸਟੇਟ ਕਾਰੋਬਾਰ ਦੇ ਕਥਿਤ ਟੈਕਸ ਚੋਰੀ ਨਾਲ ਸਬੰਧਤ ਸੀ। ਅਧਿਕਾਰੀਆਂ ਦਾ ਦੋਸ਼ ਹੈ ਕਿ ਇਨ੍ਹਾਂ ਛਾਪਿਆਂ ਦੌਰਾਨ ਡਾਕਟਰ ਪਰਿਵਾਰ ਨੇ ਕਾਰਵਾਈ ਵਿੱਚ ਰੁਕਾਵਟ ਪਾਈ ਅਤੇ ਸਹਿਯੋਗ ਨਾ ਦਿੱਤਾ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਵਾਰ-ਵਾਰ ਅਧਿਕਾਰੀਆਂ ਨੂੰ ਝੂਠੇ ਕਾਨੂੰਨੀ ਮਾਮਲਿਆਂ ਵਿੱਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ। ਅਧਿਕਾਰੀਆਂ ਨੂੰ ਮੁਲਜ਼ਮਾਂ ਨੇ ਅੰਦਰ ਜਾਣ ਤੋਂ ਰੋਕਿਆ ਸੀ ਅਤੇ ਮੁਲਜ਼ਮਾਂ ਨੇ ਬਿਆਨਾਂ ’ਤੇ ਹਸਤਾਖਰ ਤੱਕ ਨਹੀਂ ਕੀਤੇ। ਇਸ ਤੋਂ ਇਲਾਵਾ ਅਧਿਕਾਰੀਆਂ ਨਾਲ ਮਾੜੀ ਸ਼ਬਦਾਵਲੀ ਵੀ ਵਰਤੀ ਗਈ। ਡਾ. ਅਮਿਤ ਤੇ ਡਾ. ਰੁਚਿਕਾ ਸੋਫਤ ’ਤੇ ਤਲਾਸ਼ੀ ਦੌਰਾਨ ਹਮਲਾ ਕਰਨ ਦਾ ਦੋਸ਼ ਵੀ ਲੱਗਿਆ ਹੈ।