ਮੌਜੂਖੇੜਾ ਦੀ ਸਰਪੰਚ ਤੇ ਪੰਚਾਇਤ ਸਕੱਤਰ ਵਿਰੁੱਧ ਕੇਸ ਦਰਜ
ਪਿੰਡ ਮੌਜੂਖੇੜਾ ਦੇ ਵਸਨੀਕ ਐਡਵੋਕੇਟ ਬਲਰਾਜ ਸਿੰਘ ਖੋਸਾ ਨੇ ਇਥੇ ਐੱਸ ਡੀ ਐੱਮ ਨੂੰ ਸ਼ਿਕਾਇਤ ਦੇ ਕੇ ਪਿੰਡ ਦੀ ਸਰਪੰਚ ਰਸਪ੍ਰੀਤ ਕੌਰ, ਉਸ ਦੇ ਸਹੁਰੇ ਸੁਰਿੰਦਰ ਸਿੰਘ ਸਿੱਧੂ ਅਤੇ ਪੰਚਾਇਤ ਸਕੱਤਰ ਜੈਮਲ ਸਿੰਘ ’ਤੇ ਸਾਜ਼ਿਸ਼ ਨਾਲ ਜਨਤਕ ਅਤੇ ਸਰਕਾਰੀ ਫੰਡਾਂ ਦਾ ਗਬਨ ਕਰਨ ਦਾ ਦੋਸ਼ ਲਗਾਇਆ ਹੈ। ਐੱਸ ਡੀ ਐੱਮ ਦੇ ਹੁਕਮਾਂ ’ਤੇ ਪੁਲੀਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਪਣੀ ਸ਼ਿਕਾਇਤ ਵਿੱਚ ਐਡਵੋਕੇਟ ਬਲਰਾਜ ਸਿੰਘ ਖੋਸਾ ਨੇ ਲਿਖਿਆ ਹੈ ਕਿ ਸਰਪੰਚ ਨੇ ਪਿੰਡ ਮੌਜੂਖੇੜਾ ਵਿੱਚ ਤਿੰਨ ਵਾਟਰ ਕੂਲਰ ਆਰ ਓ ਸਮੇਤ ਲਗਾਏ ਸਨ। ਇਹ ਵਾਟਰ ਕੂਲਰ 11 ਜਨਵਰੀ, 2024 ਨੂੰ ਭਾਂਬੂ ਇਲੈਕਟ੍ਰਿਕ ਏਲਨਾਬਾਦ ਤੋਂ 130,000 ਰੁਪਏ ਪ੍ਰਤੀ ਪੀਸ ਦੀ ਕੀਮਤ ‘ਤੇ ਖਰੀਦੇ ਗਏ ਸਨ ਪਰ ਜਦੋਂ ਸ਼ਿਕਾਇਤਕਰਤਾ ਨੇ 29 ਅਗਸਤ, 2025 ਨੂੰ ਉਸ ਦੁਕਾਨ ਤੋਂ ਕੁਟੇਸ਼ਨ ਲਈ ਤਾਂ ਵਾਟਰ ਕੂਲਰ (ਆਰਓ ਸਮੇਤ) ਦੀ ਕੀਮਤ 55,800 ਪ੍ਰਤੀ ਪੀਸ ਦਿਖਾਈ ਗਈ। ਇਸ ਤਰ੍ਹਾਂ ਪਿੰਡ ਦੀ ਸਰਪੰਚ ਰਸਪ੍ਰੀਤ ਕੌਰ, ਉਸ ਦੇ ਸਹੁਰੇ, ਸੁਰਿੰਦਰ ਸਿੰਘ ਸਿੱਧੂ ਅਤੇ ਪੰਚਾਇਤ ਸਕੱਤਰ ਜੈਮਲ ਸਿੰਘ ਨੇ ਵਾਟਰ ਕੂਲਰ ਆਰਓ ਸਹਿਤ ਦੀ, ਜੋ ਕੁੱਲ ਕੀਮਤ 1,67,400 ਰੁਪਏ ਬਣਦੀ ਸੀ, ਉਸ ਦੀ ਕੀਮਤ 3,90,000 ਰੁਪਏ ਦਿਖਾਕੇ 2,22,600 ਦੀ ਧੋਖਾਧੜੀ ਕੀਤੀ ਹੈ। ਸ਼ਿਕਾਇਤਕਰਤਾ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਨੇ ਪਹਿਲਾਂ ਆਰਟੀਆਈ ਅਧੀਨ ਜਾਣਕਾਰੀ ਦੀ ਮੰਗ ਕੀਤੀ ਸੀ ਪਰ ਪੰਚਾਇਤ ਸਕੱਤਰ ਜੈਮਲ ਸਿੰਘ ਨੇ ਸਰਪੰਚ ਅਤੇ ਉਸ ਦੇ ਸਹੁਰੇ ਨੂੰ ਬਚਾਉਣ ਦੇ ਇਰਾਦੇ ਨਾਲ ਬਿਨੈਕਾਰ ਨੂੰ ਅਧੂਰੀ ਜਾਣਕਾਰੀ ਪ੍ਰਦਾਨ ਕੀਤੀ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ਤੇ ਪਿੰਡ ਦੀ ਸਰਪੰਚ ਰਸਪ੍ਰੀਤ ਕੌਰ, ਉਸ ਦੇ ਸਹੁਰੇ ਸੁਰਿੰਦਰ ਸਿੰਘ ਸਿੱਧੂ ਅਤੇ ਪੰਚਾਇਤ ਸਕੱਤਰ ਜੈਮਲ ਸਿੰਘ ਵਿਰੁੱਧ ਧਾਰਾ 316, (5) 3 (5) ਬੀਐਨਐਸ 2023 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
