ਬੇਅਦਬੀ ਦੇ ਦੋਸ਼ ਹੇਠ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ
ਥਾਣਾ ਸਾਹਨੇਵਾਲ ਦੇ ਇਲਾਕੇ ਵਿੱਚ ਪਿੰਡ ਜੁਗਿਆਣਾ ਸਥਿਤ ਗੁਰਦੁਆਰਾ ਸ੍ਰੀ ਰਵੀਦਾਸ ਸਾਹਿਬ ਵਿੱਚ ਔਰਤ ਵੱਲੋਂ ਗੁਰਦੁਆਰੇ ਦੇ ਹਾਲ ਵਿੱਚ ਕੱਪੜੇ ਉਤਾਰ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਸੁੱਟਣ ਦਾ ਦੋਸ਼ ਹੈ।
ਪੁਲੀਸ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਸਵੰਤ ਸਿੰਘ ਚੀਮਾ ਵਾਸੀ ਸੇਖੇਵਾਲ ਦੀ ਸ਼ਿਕਾਇਤ ’ਤੇ ਪ੍ਰਕਾਸ਼ ਕੌਰ ਅਤੇ ਉਸ ਦੇ ਪਤੀ ਹਰਭਜਨ ਸਿੰਘ ਵਾਸੀ ਪਿੰਡ ਜੁਗਿਆਣਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਸਬੰਧੀ ਵੀਡੀਓ ਵੀ ਵਾਇਰਲ ਹੋ ਗਈ ਹੈ। ਘਟਨਾ ਮਗਰੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਗੁਰਦੁਆਰੇ ਵਿੱਚ ਪੁੱਜੇ ਜਿੱਥੇ ਉਨ੍ਹਾਂ ਪ੍ਰਬੰਧਕਾਂ ਕੋਲੋਂ ਜਾਣਕਾਰੀ ਲੈਣ ਤੋਂ ਬਾਅਦ ਪੁਲੀਸ ਨੂੰ ਸੂਚਿਤ ਕੀਤਾ। ਸ੍ਰੀ ਚੀਮਾ ਨੇ ਦੱਸਿਆ ਕਿ ਔਰਤ ਪ੍ਰਕਾਸ਼ ਕੌਰ ਆਪਣੇ ਪਤੀ ਹਰਭਜਨ ਸਿੰਘ ਦੀ ਹਾਜ਼ਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਪਣੇ ਕੱਪੜੇ ਉਤਾਰ ਕੇ ਨਿਰਵਸਤਰ ਹੋ ਗਈ ਅਤੇ ਉਤਾਰੇ ਕੱਪੜੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸੁੱਟ ਦਿੱਤੇ। ਥਾਣੇਦਾਰ ਜਸਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਔਰਤ ਨੇ ਇਹ ਸਭ ਕੁੱਝ ਕਿਉਂ ਕੀਤਾ। ਉਨ੍ਹਾਂ ਦੱਸਿਆ ਕਿ ਫੁਟੇਜ ਅਨੁਸਾਰ ਔਰਤ ਪਹਿਲਾਂ ਉੱਚੀ-ਉੱਚੀ ਬੋਲਦੀ ਹੈ ਅਤੇ ਉਥੇ ਹਾਜ਼ਰ ਸੰਗਤ ਉਸ ਨੂੰ ਰੋਕਦੀ ਹੈ ਪਰ ਉਹ ਅਚਾਨਕ ਹੀ ਆਪਣੇ ਕੱਪੜੇ ਉਤਾਰ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਸੁੱਟਦੀ ਹੈ। ਮਗਰੋਂ ਔਰਤ ਨੂੰ ਸੰਗਤ ਬਾਹਰ ਲੈ ਜਾਂਦੀ ਹੈ।