ਦੀਪਕ ਢਾਬੇ ਦੇ ਮਾਲਕਾਂ ਸਣੇ ਚਾਰ ਖ਼ਿਲਾਫ਼ ਕੇਸ ਦਰਜ
ਧਨੌਲਾ ਪੁਲੀਸ ਨੇ ਜ਼ਮੀਨ ਸਬੰਧੀ ਵਿਵਾਦ ’ਚ ਜ਼ਮੀਨ ਦੇ ਖ਼ਰੀਦਦਾਰ ਦੀਪਕ ਢਾਬੇ ਦੇ ਦੋ ਮਾਲਕਾਂ ਅਤੇ ਜ਼ਮੀਨ ਵੇਚਣ ਵਾਲੇ ਮਾਂ-ਪੁੱਤ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਧਨੌਲਾ ਵਾਸੀ ਗੁਰਨਾਮ ਸਿੰਘ ਵਾਹਿਗੁਰੂ ਅਤੇ ਸਤਨਾਮ ਸਿੰਘ ਨੇ ਜਾਅਲੀ ਦਸਤਾਵੇਜ਼ ਨਾਲ ਜ਼ਮੀਨ ਵੇਚਣ ਦਾ ਦੋਸ਼ ਲਾਉਂਦਿਆਂ ਸ਼ਿਕਾਇਤ ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਨੂੰ ਕੀਤੀ ਸੀ। ਪੁਲੀਸ ਨੇ ਸ਼ਿਕਾਇਤ ਦੀ ਪੜਤਾਲ ਮਗਰੋਂ ਜ਼ਮੀਨ ਵੇਚਣ ਵਾਲਿਆਂ ਪਾਲ ਕੌਰ ਤੇ ਅਜੈ ਨੌਨਿਹਾਲ ਸਿੰਘ ਵਾਸੀ ਧਨੌਲਾ ਤੇ ਖ਼ਰੀਦਦਾਰ ਦੀਪਕ ਦੁੱਗਲ ਤੇ ਸੰਦੀਪ ਦੁੱਗਲ ਵਾਸੀ ਧਨੌਲਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਗੁਰਨਾਮ ਸਿੰਘ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਅਜੈ ਨੌਨਿਹਾਲ ਸਿੰਘ (ਭਰਾ) ਤੇ ਮਾਤਾ ਪਾਲ ਕੌਰ ਨੇ ਉਨ੍ਹਾਂ ਦੇ ਹਿੱਸੇ ਦੀ ਢਾਈ ਕਿੱਲੇ ਜ਼ਮੀਨ ਜਾਅਲੀ ਦਸਤਾਵੇਜ਼ ਲਾ ਕੇ ਧਨੌਲਾ ਦੇ ਢਾਬੇ ਵਾਲਿਆਂ ਨੂੰ ਸਸਤੇ ਭਾਅ ’ਤੇ ਵੇਚ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜ਼ਮੀਨ ਦੀ ਖਰੀਦ-ਵੇਚ ਸਬੰਧੀ ਵਸੀਕੇ ’ਚ ਗਵਾਹ ਵਜੋਂ ਦਰਜ ਕੌਂਸਲਰ ਕੇਵਲ ਸਿੰਘ ਨੇ ਕਿਹਾ ਕਿ ਵਸੀਕੇ ਲਈ ਉਸ (ਗੁਰਨਾਮ ਸਿੰਘ) ਦੇ ਆਧਾਰ ਕਾਰਡ ਦੀ ਦੁਰਵਰਤੋਂ ਕੀਤੀ ਗਈ ਹੈ। ਉਨ੍ਹਾਂ ਨੇ ਪੁਲੀਸ ਪ੍ਰਸ਼ਾਸਨ ਨੂੰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ। ਦੂਜੇ ਪਾਸੇ ਦੀਪਕ ਢਾਬੇ ਦੇ ਮਾਲਕ ਸੰਦੀਪ ਦੁੱਗਲ ਨੇ ਕਿਹਾ ਕਿ ਪੁਲੀਸ ਪੜਤਾਲ ’ਚ ਉਨ੍ਹਾਂ ਨੂੰ ਸ਼ਾਮਲ ਹੀ ਨਹੀਂ ਕੀਤਾ ਗਿਆ। ਤਹਿਸੀਲਦਾਰ ਰਾਜਪ੍ਰਿਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਕਿਸੇ ਦੀ ਰਜਿਸਟਰੀ ਰੋਕਣ ਦਾ ਕੋਈ ਅਧਿਕਾਰ ਨਹੀਂ। ਖਰੀਦਦਾਰ ਤੇ ਵੇਚਣ ਵਾਲਾ ਸਹਿਮਤ ਹੋਵੇ ਤਾਂ ਫਿਰ ਰਜਿਸਟਰੀ ਹੋ ਸਕਦੀ ਹੈ।