ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖੇਤ ’ਚ ਖੜ੍ਹੇ ਝੋਨੇ ਦੇ ਬਾਵਜੂਦ ਪਰਾਲੀ ਫੂਕਣ ਦਾ ਕੇਸ

ਪੀੜਤ ਦੇ ਹੱਕ ’ਚ ਆਈ ਕਿਸਾਨ ਜਥੇਬੰਦੀ; ਗ਼ਲਤ ਰਿਪੋਰਟ ਬਣਾਉਣ ਵਾਲੇ ਖ਼ਿਲਾਫ਼ ਕਾਰਵਾਈ ਮੰਗੀ
ਝੋਨੇ ਦੀ ਫ਼ਸਲ ਕੋਲ ਖੜ੍ਹੇ ਕਿਸਾਨ ਨਾਅਰੇਬਾਜ਼ੀ ਕਰਦੇ ਹੋਏ।
Advertisement

ਇੱਥੋਂ ਨੇੜਲੇ ਪਿੰਡ ਬੁਰਜ ਰਾਠੀ ਵਿੱਚ ਇੱਕ ਕਿਸਾਨ ਨੇ ਹਾਲੇ ਆਪਣੀ ਝੋਨੇ ਦੀ ਫ਼ਸਲ ਵੀ ਨਹੀਂ ਸੀ ਵੱਢੀ ਕਿ ਉਸ ਖ਼ਿਲਾਫ਼ ਪਰਾਲੀ ਫੂਕਣ ਦਾ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦਾ ਵਿਰੋਧ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ)- ਡਕੌਂਦਾ ਦੀ ਅਗਵਾਈ ਹੇਠ ਕਿਸਾਨਾਂ ਨੇ ਖੇਤ ’ਚ ਖੜ੍ਹੀ ਝੋਨੇ ਦੀ ਫ਼ਸਲ ਦਿਖਾਉਂਦਿਆਂ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡ ਬੁਰਜ ਰਾਠੀ ਦੇ ਕਿਸਾਨ ਗੁਰਵਿੰਦਰ ਸਿੰਘ ਨੇ ਹਾਲੇ ਤੱਕ ਆਪਣਾ ਝੋਨਾ ਵੱਢਿਆ ਨਹੀਂ, ਇਸ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੈਟੇਲਾਈਟ ਡੇਟਾ ਦਾ ਹਵਾਲਾ ਦਿੰਦੇ ਹੋਏ ਕਿਸਾਨ ਖ਼ਿਲਾਫ਼ ਪਰਾਲੀ ਫੂਕਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਗ਼ਲਤ ਰਿਪੋਰਟ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਪਤਾ ਲੱਗਣ ’ਤੇ ਉਨ੍ਹਾਂ ਅਧਿਕਾਰੀਆਂ ਨਾਲ ਕਈ ਵਾਰ ਸੰਪਰਕ ਕੀਤਾ ਤੇ ਮੌਕਾ ਦੇਖਣ ਲਈ ਕਿਹਾ ਪਰ ਅਧਿਕਾਰੀ ਟਾਲ-ਮਟੋਲ ਕਰਦੇ ਨਜ਼ਰ ਆਏ। ਕਿਸਾਨ ਆਗੂ ਹਰਦੇਵ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਦੇ ਪਿਤਾ ਦਾ ਦੇਹਾਂਤ ਹੋ ਚੁੱਕਿਆ ਹੈ ਅਤੇ ਉਸ ਦੀ ਮਾਤਾ ਬਿਮਾਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਤਾਜ਼ਾ ਮਾਮਲੇ ਕਾਰਨ ਪਰਿਵਾਰ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ’ਤੇ ਦਰਜ ਕੀਤਾ ਕੇਸ ਤੁਰੰਤ ਰੱਦ ਕੀਤਾ ਜਾਵੇ ਅਤੇ ਗ਼ਲਤ ਰਿਪੋਰਟ ਬਣਾਉਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਮਾਨਸਾ ਦੇ ਐੱਸ ਡੀ ਐੱਮ ਕਾਲਾ ਰਾਮ ਕਾਂਸਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
Show comments