ਪ੍ਰਾਈਵੇਟ ਸਕੂਲ ’ਤੇ ਕਬਜ਼ੇ ਦੀ ਕੋਸ਼ਿਸ਼ ਦਾ ਮਾਮਲਾ ਭਖਿਆ
ਮਹਿੰਦਰ ਸਿੰਘ ਰੱਤੀਆਂ
ਇਥੇ ਆਰੀਆ ਸਮਾਜ ਦੀ ਪੁਰਾਣੀ ਸਿੱਖਿਆ ਸੰਸਥਾ ਡੀਐੱਮ ਕਾਲਜੀਏਟ ਸਕੂਲ ’ਤੇ ਇੱਕ ਧਿਰ ਵੱਲੋਂ ਹਾਕਮ ਧਿਰ ਦੀ ਮਦਦ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਮਗਰੋਂ ਐੱਸਡੀਐੱਮ ਸਾਰੰਗਪ੍ਰੀਤ ਸਿੰਘ ਔਜਲਾ ਨੇ ਪੁਲੀਸ ਰਿਪੋਰਟ ਅਤੇ ਪੈਦਾ ਹੋਏ ਤਣਾਅ ਮਗਰੋਂ ਸਥਾਨਕ ਤਹਿਸੀਲਦਾਰ ਵਿਕਾਸ ਸ਼ਰਮਾ ਨੂੰ ਰਿਸੀਵਰ ਨਿਯੁਕਤ ਕਰ ਦਿੱਤਾ ਹੈ। ਸਕੂਲ ’ਚ ਸਰਕਾਰੀ ਪ੍ਰਿੰਸੀਪਲ ਦੀ ਤਾਇਨਾਤੀ ਤੋਂ ਮਾਮਲਾ ਹੋਰ ਭਖ਼ ਗਿਆ ਹੈ। ਇਹ ਸਕੂਲ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਨਹੀਂ ਹੈ ਪਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀ.ਸੈ.) ਵੱਲੋਂ 22 ਅਗਸਤ ਨੂੰ ਪ੍ਰਸ਼ਾਸਨ ਦੇ ਹਵਾਲੇ ਨਾਲ ਹੁਕਮ ਜਾਰੀ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੋਸਾ ਰਣਧੀਰ ਦੇ ਪ੍ਰਿੰਸੀਪਲ ਰਾਜੇਸ਼ਪਾਲ ਨੂੰ ਇੱਥੋਂ ਦਾ ਪ੍ਰਿੰਸੀਪਲ ਲਗਾ ਦਿੱਤਾ ਹੈ। ਉਨ੍ਹਾਂ ਨੂੰ ਸਕੂਲ ਪ੍ਰਬੰਧ ਅਗਲੇ ਹੁਕਮਾਂ ਤੱਕ ਆਪਣੇ ਹੱਥ ਵਿੱਚ ਲੈਣ ਲਈ ਪੱਤਰ ਜਾਰੀ ਕੀਤਾ ਗਿਆ ਹੈ। ਇਸ ਮਗਰੋਂ ਪ੍ਰਸ਼ਾਸਨ ’ਤੇ ਵੀ ਸਵਾਲ ਉਠ ਰਹੇ ਹਨ।
ਸਥਾਨਕ ਉੱਘੇ ਸਮਾਜ ਸੇਵੀ ਅਜੇ ਗੋਰਾ ਅਤੇ ਸਿਵਲ ਸੁਸਾਇਟੀ ਆਗੂਆਂ ਨੇ ਕਿਹਾ ਕਿ ਸ਼ਹਿਰ ਦੇ ਸੰਸਥਾਪਕ ਮੰਨੇ ਜਾਂਦੇ ਪਦਮ ਵਿਭੂਸ਼ਨ ਹਿੰਦ ਕੇਸਰੀ ਡਾ. ਮਥੁਰਾ ਦਾਸ ਪਾਹਵਾ ਵੱਲੋਂ ਸਥਾਪਤ ਸਦੀ ਪੁਰਾਣੀਆਂ ਕਰੀਬ ਅੱਧੀ ਦਰਜਨ ਸਿੱਖਿਆ ਸੰਸਥਾਵਾਂ ’ਤੇ ਕਾਬਜ਼ ਹੋਣ ਲਈ ਆਰੀਆ ਪ੍ਰਤੀਨਿਧੀ ਦੋ ਧਿਰਾਂ ਦੀ ਆਪਸੀ ਖਿੱਚੋਤਾਣ ਦਿਨੋਂ ਦਿਨ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਨੂੰ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਖ਼ਲ ਦੇਣਾ ਚਾਹੀਦਾ ਹੈ। ਉਨ੍ਹਾਂ ਦੋ ਧਿਰਾਂ ਦੇ ਝਗੜੇ ਕਾਰਨ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਨੂੰ ਰਿਸੀਵਰ ਨਿਯੁਕਤ ਕਰਨ ਨੂੰ ਜਾਇਜ਼ ਕਰਾਰ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਇੱਕ ਧਿਰ ਦੀ ਕਥਿਤ ਮੱਦਦ ਕਰਕੇ ਸਰਕਾਰੀ ਪ੍ਰਿੰਸੀਪਲ ਨੂੰ ਪ੍ਰਾਈਵੇਟ ਸਕੂਲ ਦੀ ਕੁਰਸੀ ’ਤੇ ਬਿਠਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਵਿੱਚ ਪ੍ਰਬੰਧਕ ਕਮੇਟੀਆਂ ਦੇ ਵਿਵਾਦ ਕਾਰਨ ਬੈਂਕ ਖਾਤੇ ਫਰੀਜ਼ ਹੋ ਚੁੱਕੇ ਹਨ। ਇਸ ਆਪਸੀ ਖਿੱਚੋਤਾਣ ਕਾਰਨ ਮੱਧ ਵਰਗ ਸਿੱਖਿਆ ਤੋਂ ਮਰਹੂਮ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਿੰਦ-ਪਾਕਿ ਵੰਡ ਤੋਂ ਪਹਿਲਾਂ ਸਾਲ 1926 ’ਚ ਸਥਾਪਤ ਸਰਕਾਰੀ ਏਡਿਡ ਡੀਐੱਮ ਕਾਲਜ, ਮਾਲਵਾ ਖੇਤਰ ਲਈ ਕਿਸੇ ਸਮੇਂ ਵਿਦਿਆ ਦਾ ਚਾਨਣਾ ਮੁਨਾਰਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਇਸ ਕਾਲਜ ਤੋਂ ਇਲਾਵਾ ਡਿਗਰੀ ਕਾਲਜ ਲਈ ਪਹਿਲਾਂ ਹੀ ਰਿਸੀਵਰ ਨਿਯੁਕਤ ਕੀਤੇ ਹੋਏ ਹਨ।
ਪ੍ਰਿੰਸੀਪਲ ਦੀ ਤਾਇਨਾਤੀ ਲਈ ਕਾਨੂੰਨੀ ਰਾਏ ਲਈ ਜਾਵੇਗੀ: ਤਹਿਸੀਲਦਾਰ
ਤਹਿਸੀਲਦਾਰ ਵਿਕਾਸ ਸ਼ਰਮਾ ਨੇ ਕਿਹਾ ਕਿ ਪ੍ਰਿੰਸੀਪਲ ਦੀ ਤਾਇਨਾਤੀ ਸਬੰਧੀ ਕਾਨੂੰਨੀ ਰਾਏ ਹਾਸਲ ਕੀਤੀ ਜਾਵੇਗੀ। ਜੇ ਗ਼ਲਤ ਹੋਇਆ ਤਾਂ ਹੁਕਮ ਵਾਪਸ ਲਏ ਜਾਣਗੇ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੀ.ਸੈ) ਨੇ ਫੋਨ ਨਹੀਂ ਚੁੱਕਿਆ।