ਮਾਈਨਰ ਦੇ ਮੋਘੇ ਤੋੜ ਕੇ ਸਿੰਜਾਈ ਕਰਨ ਵਾਲੇ 22 ਕਿਸਾਨਾਂ ਖ਼ਿਲਾਫ਼ ਕੇਸ
ਬਲਵਿੰਦਰ ਸਿੰਘ ਹਾਲੀ
ਜ਼ਿਲ੍ਹੇ ਦੇ ਪਿੰਡ ਖਾਰਾ ਵਿੱਚੋਂ ਲੰਘਦੀ ਕੱਸੀ ਦੇ ਤਿੰਨ ਮੋਘਿਆਂ ਨੂੰ ਤੋੜ ਕੇ ਖੁੱਲ੍ਹੇ ਕਰਨ ਅਤੇ ਉਨ੍ਹਾਂ ਦੀਆਂ ਮਸ਼ੀਨਾਂ ਕੱਢ ਕੇ ਸਿੰਜਾਈ ਕਰਨ ਦੇ ਦੋਸ਼ ਹੇਠ ਥਾਣਾ ਸਦਰ ਕੋਟਕਪੂਰਾ ਵਿੱਚ ਮੋਘਿਆਂ ਦੇ 22 ਹਿੱਸੇਦਾਰ ਕਿਸਾਨਾਂ ਖ਼ਿਲਾਫ਼ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਕੈਨਾਲ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ 21 ਜੁਲਾਈ ਨੂੰ ਢੈਪਈ ਨਹਿਰ ਦੇ ਐੱਸ ਡੀ ਓ ਮਨਦੀਪ ਸਿੰਘ ਦੇ ਪੱਤਰ ਲਿਖ ਕੇ ਸ਼ਿਕਾਇਤ ਕਰਨ ਮਗਰੋਂ ਕੀਤਾ ਗਿਆ ਹੈ।
ਇਸ ਮਾਮਲੇ ਵਿੱਚ ਹਾਲੇ ਤੱਕ ਕਿਸੇ ਵੀ ਕਿਸਾਨ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਦੱਸਣਯੋਗ ਹੈ ਕਿ ਤਿੰਨ ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਤਿੰਨ ਮੋਘੇ ਤੋੜ ਕੇ ਸਿੰਜਾਈ ਕਰਨ ਵਾਲੇ 50 ਤੋਂ ਵੱਧ ਕਿਸਾਨਾਂ ’ਤੇ ਕੇਸ ਦਰਜ ਕੀਤਾ ਗਿਆ ਸੀ। ਏ ਐੱਸ ਆਈ ਸੁਖਦੇਵ ਸਿੰਘ ਅਨੁਸਾਰ ਉਨ੍ਹਾਂ ਨੂੰ ਨਹਿਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੱਤਰ ਮਿਲਿਆ ਸੀ ਕਿ 21 ਜੁਲਾਈ ਨੂੰ ਖਾਰਾ ਮਾਈਨਰ ਦੇ ਤਿੰਨ ਮੋਘੇ 7160 ਆਰ, 19256 ਆਰ ਅਤੇ 19840 ਆਰ ਦੇ ਹਿੱਸੇਦਾਰਾਂ ਵੱਲੋਂ ਇਨ੍ਹਾਂ ਵਿੱਚੋਂ ਇੱਟਾਂ ਅਤੇ ਮਸ਼ੀਨ ਕੱਢ ਕੇ ਨਾਜਾਇਜ਼ ਸਿੰਜਾਈ ਕੀਤੀ ਜਾ ਰਹੀ ਹੈ। ਇਸ ਦੀ ਜਾਂਚ ਮਗਰੋਂ ਥਾਣਾ ਸਦਰ ਵਿੱਚ ਜਗਦੇਵ ਸਿੰਘ, ਮੋਦਨ ਸਿੰਘ, ਗੁਰਨੇਕ ਸਿੰਘ, ਜਸਵਿੰਦਰ ਸਿੰਘ, ਮੁਕੰਦ ਸਿੰਘ, ਹੈਪੀ ਸੇੇਠ, ਗਿੰਦਰ ਸੇਠ, ਮਲਕੀਤ ਸੇਠ, ਕੁਲਜੀਤ ਸਿੰਘ, ਚੰਨਾ ਸਿੰਘ, ਸਵਰਨ ਸਿੰਘ, ਜਸਵੀਰ ਸਿੰਘ, ਬਾਬਾ, ਰਜਿੰਦਰ ਸਿੰਘ, ਸਵਰਾਜ ਸਿੰਘ, ਨਵਤੇਜ ਸਿੰਘ, ਕਰਮ ਸਿੰਘ, ਪੂਰਨ ਸਿੰਘ, ਬੋਹੜ ਸਿੰਘ ਆਦਿ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ।