ਪਟਿਆਲਾ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਝਟਕਾ
ਪਟਿਆਲਾ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਹੈ ਜਦੋਂ ਪਟਿਆਲਾ ਨਗਰ ਨਿਗਮ ਦੇ ਸਾਬਕਾ ਮੇਅਰ ਅਤੇ ਪਟਿਆਲਾ ਦਾ ਵੱਡਾ ਹਿੰਦੂ ਚਿਹਰਾ ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਲਈ ਸੰਜੀਵ ਸ਼ਰਮਾ ਬਿੱਟੂ ਹਰ ਥਾਂ ’ਤੇ ਢਾਲ ਵਾਂਗ ਖੜ੍ਹਦੇ ਰਹੇ ਹਨ। ਉਨ੍ਹਾਂ ਔਖੇ ਵੇਲੇ ਵੀ ਅਮਰਿੰਦਰ ਪਰਿਵਾਰ ਦਾ ਸਾਥ ਨਹੀਂ ਛੱਡਿਆ।
ਸੰਜੀਵ ਬਿੱਟੂ ਨੇ ਇੱਥੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਭਾਰਤ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ਕਿਉਂਕਿ ਉਹ ਦੇਸ਼ ਨੂੰ ਵੰਡ ਰਹੀ ਹੈ। ਜਦ ਕਿ ਰਾਹੁਲ ਗਾਂਧੀ ਇਕ ਅਜਿਹਾ ਸ਼ਖ਼ਸ ਹੈ ਜੋ ਭਾਰਤ ਨੂੰ ਜੋੜਨ ਦਾ ਕੰਮ ਕਰ ਰਹੇ ਹਨ, ਰਾਹੁਲ ਗਾਂਧੀ ਦੀ ਵਿੱਚਾਰਧਾਰਾ ਦੇਸ਼ ਦੇ ਹਿੱਤ ਵਿੱਚ ਹੈ, ਉਨ੍ਹਾਂ ਦੀ ਅੱਜ ਦੇਸ਼ ਨੂੰ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਪਟਿਆਲਾ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨਗੇ।
ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਉਨ੍ਹਾਂ ਅੱਜ ਦਿਨ ਵਿੱਚ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਹੈ, ਉਸ ਨੂੰ ਕਾਂਗਰਸ ਵਿੱਚ ਸ਼ਾਮਲ ਕਰਾਉਣ ਲਈ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਤੇ ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਅਹਿਮ ਭੂਮਿਕਾ ਨਿਭਾਈ ਹੈ। ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਲੋਕ ਭਾਰਤੀ ਜਨਤਾ ਪਾਰਟੀ ਵਿੱਚ ਘੁਟਣ ਮਹਿਸੂਸ ਕਰ ਰਹੇ ਹਨ। ਪਟਿਆਲਾ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਧਮਾਕੇ ਹੋਣਗੇ, ਕਈ ਸਾਰੇ ਭਾਜਪਾ ਦੇ ਨੇਤਾ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਕਾਂਗਰਸ ਦੀ ਮਜ਼ਬੂਤੀ ਲਈ ਆਪਣਾ ਪੂਰਾ ਸਮਾਂ ਲਗਾ ਦੇਣਗੇ, ਕਿਉਂਕਿ ਪਟਿਆਲਾ ਵਿੱਚ ਕਾਂਗਰਸ ਦੀ ਮਜ਼ਬੂਤੀ ਜ਼ਰੂਰੀ ਹੈ।