ਖੋਜ ਸਹਾਇਕ ਦੀਆਂ ਅਸਾਮੀਆਂ ਦੇ ਉਮੀਦਵਾਰ ਪ੍ਰੇਸ਼ਾਨ
ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ 2023 ’ਚ ਭਾਸ਼ਾ ਵਿਭਾਗ ਦੀਆਂ ਖੋਜ ਸਹਾਇਕ ਦੀਆਂ 42 ਅਸਾਮੀਆਂ ਦੀ ਭਰਤੀ ਲਈ ਅਗਸਤ ’ਚ ਨਤੀਜਾ ਐਲਾਨਿਆ ਗਿਆ ਸੀ। ਇਸੇ ਆਧਾਰ ’ਤੇ ਬਣਾਈ ਮੈਰਿਟ ਸੂਚੀ ’ਚੋਂ 22 ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਬੋਰਡ ਨੇ ਵੈਰੀਫਿਕੇਸ਼ਨ ਕਰਵਾ ਕੇ ਭਾਸ਼ਾ ਵਿਭਾਗ ਕੋਲ ਭੇਜ ਦਿੱਤੀ ਸੀ।
ਮੈਰਿਟ ਸੂਚੀ ’ਚ ਸ਼ਾਮਿਲ ਉਮੀਦਵਾਰਾਂ ਦੇ ਦਸਤਾਵੇਜ਼ ਅਧੂਰੇ ਹੋਣ ਕਾਰਨ 5-8-2025 ਨੂੰ ਜਨਤਕ ਸੂਚਨਾ ਜਾਰੀ ਕਰ ਕੇ ਉਨ੍ਹਾਂ ਦਾ ਨਤੀਜਾ ਰੋਕ ਲਿਆ ਸੀ। ਸਰਟੀਫਿਕੇਟਾਂ ਦੀ ਪੂਰਤੀ ਕਰਨ ਲਈ 11-8-2025 ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਨਤੀਜਾ ਹਾਲੇ ਤਕ ਨਹੀਂ ਐਲਾਨਿਆ ਗਿਆ। ਇਸ ਸਬੰਧੀ ਕੁਝ ਉਮੀਦਵਾਰਾਂ ਨੇ ਦੱਸਿਆ ਕਿ ਬੋਰਡ ਦਫ਼ਤਰ ਨਾਲ ਸੰਪਰਕ ਕਰਨ ’ਤੇ ਕਿਹਾ ਜਾਂਦਾ ਹੈ ਕਿ ਨਤੀਜਾ ਜਲਦੀ ਹੀ ਅਪਲੋਡ ਕਰ ਦਿੱਤਾ ਜਾਵੇਗਾ। ਉਮੀਦਵਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਤੋਂ ਸਾਰੇ ਮਾਮਲੇ ਵਿੱਚ ਦਖ਼ਲ ਦੀ ਮੰਗ ਕਰਦਿਆਂ ਬਿਨਾਂ ਕਿਸੇ ਦੇਰੀ ਤੋਂ ਖੋਜ ਸਹਾਇਕ ਦੀਆਂ 20 ਅਸਾਮੀਆਂ ਲਈ ਮੈਰਿਟ ਸੂਚੀ ਦਾ ਐਲਾਨ ਕਰ ਕੇ ਉਮੀਦਵਾਰਾਂ ਦੀ ਚੋਣ ਕਰਨ ਦੀ ਮੰਗ ਕੀਤੀ ਹੈ।
ਭਰਤੀ ਪ੍ਰਕਿਰਿਆ ਜਾਰੀ: ਸਕੱਤਰ
ਅਧੀਨ ਸੇਵਾਵਾਂ ਚੋਣ ਬੋਰਡ ਦੇ ਸਕੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਛੁੱਟੀ ’ਤੇ ਹਨ ਇਸ ਮਾਮਲੇ ਬਾਰੇ ਕੋਈ ਵੀ ਟਿੱਪਣੀ ਨਹੀਂ ਕਰ ਸਕਦੇ। ਉਂਝ ਉਨ੍ਹਾਂ ਕਿਹਾ ਕਿ ਬੋਰਡ ਦੀਆਂ ਭਰਤੀਆਂ ਦੀ ਪ੍ਰਕਿਰਿਆ ਚੱਲ ਰਹੀ ਹੈ।
