ਨਹਿਰੀ ਬੇਲਦਾਰ ਕਰਵਾ ਰਹੇ ਨੇ ਅੱਗੋਂ ਬੰਦੇ ਰੱਖ ਕੇ ‘ਬੇਲਦਾਰੀ’
ਇਕਬਾਲ ਸਿੰਘ ਸ਼ਾਂਤ
ਇੱਥੇ ਨਹਿਰ ਵਿਭਾਗ ਦੇ ਕੁੱਝ ਬੇਲਦਾਰਾਂ ਵੱਲੋਂ ਖੁਦ ਡਿਊਟੀ ’ਤੇ ਆਉਣ ਦੀ ਥਾਂ ਕਥਿਤ ਪ੍ਰਾਈਵੇਟ ਵਿਅਕਤੀਆਂ ਤੋਂ ‘ਬੇਲਦਾਰੀ’ ਕਰਵਾਉਣ ਦਾ ਦੋਸ਼ ਹੈ। ਇਹ ਬੇਲਦਾਰ ਸੂਬੇ ਦੇ ਸ਼ਾਹੀ ਸ਼ਹਿਰ ਤੋਂ ਤਬਦੀਲ ਹੋ ਕੇ ਆਏ ਦੱਸੇ ਜਾਂਦੇ ਹਨ। ਮੰਗਲਵਾਰ ਨੂੰ ਮਿੱਠੜੀ ਮਾਈਨਰ ਵਿੱਚ ਪਾੜ ਮੌਕੇ ਇਹ ਖੁਲਾਸਾ ਹੋਇਆ। ਰਾਹਤ ਕਾਰਜ ਮੌਕੇ ਇੱਕ ਵੀ ‘ਬੇਲਦਾਰ’ ਹਾਜ਼ਰ ਨਹੀਂ ਸੀ। ਸਿਰਫ ਮਹਿਣਾ ਨਹਿਰੀ ਕੋਠੀ ਤੋਂ ਇੱਕ ਮਹਿਲਾ ਬੇਲਦਾਰ ਹੀ ਸਥਿਤੀ ਦੀ ਸਾਰ ਲੈਣ ਪੁੱਜੀ। ਕਿਸਾਨਾਂ ਨੇ ਆਪਣੇ ਪੱਧਰ ’ਤੇ ਹੀ ਪਾੜ ਪੂਰਿਆ।
ਸੂਤਰਾਂ ਮੁਤਾਬਕ ਖੇਤਰ ਵਿੱਚ ਸੰਕਟ ਵੇਲੇ ਸਿਰਫ ਇੱਕ ਹੀ ਬੇਲਦਾਰ ਤਾਇਨਾਤ ਸੀ, ਜੋ ਇਕੱਲਾ ਕਰੀਬ ਛੇ ਮਾਈਨਰਾਂ ਦੀ ਨਜ਼ਰਸਾਨੀ ਰਿਹਾ ਸੀ। ‘ਸ਼ਾਹੀ’ ਬੇਲਦਾਰਾਂ ਦੇ ਪ੍ਰਾਈਵੇਟ ਮੁਲਾਜ਼ਮ ਵੀ ਗ਼ੈਰਹਾਜ਼ਰ ਸਨ। ‘ਸ਼ਾਹੀ’ ਬੇਲਦਾਰਾਂ ਦੀ ਗੈਰਹਾਜ਼ਰੀ ਦਾ ਬਹਾਨਾ ਸ਼ਾਹੀ ਜ਼ਿਲ੍ਹੇ ਦੀ ਲੰਬੀ ਤੋਂ ਜ਼ਿਆਦਾ ਦੂਰੀ ਦੱਸਿਆ ਜਾ ਰਿਹਾ ਹੈ। ਅਸਲ ਬੇਲਦਾਰਾਂ ਦੀ ਗੈਰਹਾਜ਼ਰੀ ਕਾਰਨ ਨਹਿਰਾਂ ਦੀ ਸੰਭਾਲ ਅਤੇ ਕੰਢਿਆਂ ਦੀ ਸੁਰੱਖਿਆ ਹਮੇਸ਼ਾ ਖ਼ਤਰੇ ਵਿੱਚ ਰਹਿੰਦੀ ਹੈ।
ਇੱਕ ਕਿਸਾਨ ਨੇ ਕਿਹਾ ਹੈ ਕਿ ਕਾਫੀ ਹੱਦ ਤੱਕ ਬੇਲਦਾਰੀ ਸਿਸਟਮ ਪ੍ਰਾਈਵੇਟ ਮੁਲਾਜ਼ਮਾਂ ਦੇ ਸਹਾਰੇ ਚੱਲਦਾ ਹੈ। ‘ਬੇਲਦਾਰਾਂ’ ਦਾ ਆਮ ਲੋਕਾਂ ਨਾਲ ਸਿੱਧਾ ਰਾਬਤਾ ਨਾ ਹੋਣ ਕਾਰਨ ਅਜਿਹੀਆਂ ਗੜਬੜਾਂ ਜਨਤਕ ਨਹੀਂ ਹੁੰਦੀਆਂ। ਦੂਜੇ ਪਾਸੇ ਬੇਲਦਾਰ ਧਿਰ ਨੇ ਅਜਿਹੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।
ਮਾਮਲਾ ਗੰਭੀਰ, ਸਖ਼ਤ ਕਾਰਵਾਈ ਹੋਵੇਗੀ: ਕਾਰਜਕਾਰੀ ਇੰਜਨੀਅਰ
ਨਹਿਰੀ ਵਿਭਾਗ ਬਠਿੰਡਾ ਦੇ ਕਾਰਜਕਾਰੀ ਇੰਜਨੀਅਰ ਜਗਮੀਤ ਸਿੰਘ ਨੇ ਕਿਹਾ ਕਿ ਜੇ ਬੇਲਦਾਰਾਂ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਹੁਣੇ ਹੀ ਤਿੰਨ ਬੇਲਦਾਰ ਦੂਜੇ ਜ਼ਿਲ੍ਹੇ ਤੋਂ ਤਬਦੀਲ ਹੋਏ ਹਨ। ਇਸ ਦੀ ਜਾਂਚ ਕਰਵਾ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।