ਕੈਨੇਡਾ: ਲੈਂਗਲੀ ’ਚ ਗੈਂਗਵਾਰ ਦੌਰਾਨ ਪੰਜਾਬੀ ਨੌਜਵਾਨ ਦੀ ਹੱਤਿਆ
ਬ੍ਰਿਟਿਸ਼ ਕੋਲੰਬੀਆ ਵਿੱਚ ਪੁਲੀਸ ਨੇ ਚਾਰ ਦਿਨ ਪਹਿਲਾਂ ਲੈਂਗਲੀ ਵਿੱਚ ਗੈਂਗਵਾਰ ਦੌਰਾਨ ਮਾਰੇ ਗਏ ਵਿਅਕਤੀ ਦੀ ਪਛਾਣ ਕਰਨ ਪੰਧੇਰ (24) ਵਜੋਂ ਦੱਸੀ ਹੈ। ਪੰਧੇਰ ਨੂੰ 200 ਸਟਰੀਟ ਤੇ 53 ਐਵੇਨਿਊ ਨੇੜੇ ਟੈਕਸੀ ਵਿੱਚ ਬੈਠੇ ਨੂੰ ਗੋਲੀਆਂ ਮਾਰੀਆਂ ਗਈਆਂ ਸੀ।
ਪੁਲੀਸ ਦੇ ਬੁਲਾਰੇ ਸੁੱਖੀ ਢੇਸੀ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਕਰਨ ਪੰਧੇਰ ਖਿਲਾਫ ਕੁਝ ਅਪਰਾਧਿਕ ਕੇਸ ਦਰਜ ਸਨ। ਉਸ ਨੇ ਦੱਸਿਆ ਕਿ ਬੇਸ਼ੱਕ ਜਾਂਚ ਅਜੇ ਪੂਰੀ ਨਹੀਂ ਹੋਈ, ਪਰ ਹੁਣ ਤੱਕ ਮਿਲੇ ਸਬੂਤਾਂ ਅਨੁਸਾਰ ਕਤਲ ਦੀ ਵਜ੍ਹਾ ਦੋ ਅਪਰਾਧਿਕ ਗਰੋਹਾਂ ਵਿਚਾਲੇ ਰੰਜਸ਼ ਹੈ ਤੇ ਆਮ ਲੋਕਾਂ ਨੂੰ ਅਜਿਹੀ ਘਟਨਾ ਤੋਂ ਡਰਨ ਦੀ ਲੋੜ ਨਹੀਂ।
ਕਾਰਪੋਰਲ ਸੁੱਖੀ ਢੇਸੀ ਨੇ ਦੱਸਿਆ ਕਿ ਪੁਲੀਸ ਨੂੰ ਗੋਲੀਬਾਰੀ ਬਾਰੇ ਜਾਣਕਾਰੀ ਮਿਲਣ ਮਗਰੋਂ ਜਦੋਂ ਮੌਕੇ ’ਤੇ ਜਾ ਕੇ ਵੇਖਿਆ ਤਾਂ ਖੂਨ ’ਚ ਲੱਥਪੱਥ ਨੌਜਵਾਨ ਤੜਪ ਰਿਹਾ ਸੀ। ਪੈਰਾਮੈਡਿਕ ਟੀਮ ਵਲੋਂ ਉਸ ਨੂੰ ਬਚਾਉਣ ਦੇ ਯਤਨ ਕੀਤੇ ਗਏ, ਪਰ ਉਹ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਹਸਪਤਾਲ ਲਿਜਾਂਦਿਆਂ ਦਮ ਤੋੜ ਗਿਆ।
ਘਟਨਾ ਤੋਂ ਬਾਅਦ ਮੁਲਜਮ ਉੱਥੋਂ ਭੱਜ ਗਏ ਤੇ ਅੱਧੇ ਘੰਟੇ ਬਾਅਦ ਸਰੀ ਦੀ 64 ਐਵੇਨਿਊ ਅਤੇ 132 ਸਟਰੀਟ ਕੋਲ ਇੱਕ ਕਾਰ ਨੂੰ ਅੱਗ ਨਾਲ ਸੜਦੇ ਵੇਖਿਆ ਗਿਆ। ਸੁੱਖੀ ਢੇਸੀ ਨੇ ਕਿਹਾ ਕਿ ਬੇਸ਼ੱਕ ਅਜੇ ਉਸ ਕਾਰ ਦੀ ਪਛਾਣ ਕੀਤੀ ਜਾਣੀ ਹੈ, ਪਰ ਸਮਝਿਆ ਜਾਂਦਾ ਹੈ ਕਿ ਉਹ ਕਾਰ ਮੁਲਜ਼ਮਾਂ ਨੇ ਵਾਰਦਾਤ ਮੌਕੇ ਵਰਤੀ ਹੋਵੇਗੀ ਤੇ ਪਛਾਣ ਛੁਪਾਉਣ ਲਈ ਉਸ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ।