ਕੈਨੇਡਾ: ਲੁੱਟ-ਖੋਹ ਦਾ ਵਿਰੋਧ ਕਰਦੀ ਪੰਜਾਬਣ ਨੂੰ ਬੇਰਹਿਮੀ ਨਾਲ ਕੁੱਟਿਆ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 26 ਜੂਨ
ਵਿਨੀਪੈੱਗ ਨੇੜੇ ਪਿੰਡ ਓਸਬੋਰਨ ’ਚ ਲੜਕੀਆਂ ਨੇ 23 ਸਾਲਾ ਪੰਜਾਬਣ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਬੈਂਕ ਕਾਰਡ, ਨਗ਼ਦੀ ਤੇ ਹੋਰ ਦਸਤਾਵੇਜ਼ ਖੋਹ ਲਏ। ਇਸ ਹਮਲੇ ਕਾਰਨ ਪੰਜਾਬਣ ਦੀਆਂ ਹੱਡੀਆਂ ਟੁੱਟ ਗਈਆਂ ਤੇ ਅੱਖ ’ਤੇ ਵੀ ਗੰਭੀਰ ਸੱਟ ਲੱਗੀ ਹੈ। ਪੁਲੀਸ ਨੇ ਇਸ ਮਾਮਲੇ ਵਿਚ ਨਾਬਾਲਗ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪੀੜਤਾ ਦੀ ਪਛਾਣ ਤਨਪ੍ਰੀਤ ਵਜੋਂ ਹੋਈ ਹੈ, ਜੋ ਰਾਤ ਵੇਲੇ ਕੰਮ ਤੋਂ ਪਰਤ ਰਹੀ ਸੀ ਤੇ ਉਹ ਜਦੋਂ ਆਪਣੇ ਘਰ ਦੇ ਮੂਹਰੇ ਪਹੁੰਚੀ ਤਾਂ ਇਨ੍ਹਾਂ ਲੜਕੀਆਂ ਨੇ ਉਸ ਨੂੰ ਧੱਕਾ ਦਿੱਤਾ, ਜਿਸ ਨਾਲ ਉਹ ਹੇਠਾਂ ਡਿੱਗ ਗਈ। ਇਸ ਤੋਂ ਬਾਅਦ ਇਨ੍ਹਾਂ ਲੜਕੀਆਂ ਵੱਲੋਂ ਤਨਪ੍ਰੀਤ ਦੀ ਕੁੱਟਮਾਰ ਕੀਤੀ ਗਈ ਤੇ ਉਸ ਇਸ ਕਾਰਨ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਹਸਪਤਾਲ ਜਾ ਕੇ ਹੋਸ਼ ਆਈ। ਡਾਕਟਰਾਂ ਨੇ ਉਸ ਦਾ ਅਪਰੇਸ਼ਨ ਕੀਤਾ ਤੇ ਇਸ ਵੇਲੇ ਉਸ ਦੀ ਹਾਲਤ ਸਥਿਰ ਹੈ। ਇਹ ਘਟਨਾ 22 ਜੂਨ ਰਾਤ ਦੀ ਹੈ। ਇਸ ਘਟਨਾ ਤੋਂ ਬਾਅਦ ਤਨਪ੍ਰੀਤ ਸਹਿਮੀ ਹੋਈ ਹੈ ਤੇ ਆਪਣੇ ਮਾਪਿਆਂ ਕੋਲ ਪੰਜਾਬ ਜਾਣਾ ਚਾਹੁੰਦੀ ਹੈ। ਹਾਲਾਂਕਿ ਉਸ ਦਾ ਭਰਾ ਭਾਰਤ ਗਿਆ ਸੀ ਤੇ ਇਸ ਘਟਨਾ ਦਾ ਪਤਾ ਲਗਦੇ ਹੀ ਉਹ ਪਰਤ ਆਇਆ ਹੈ। ਪੁਲੀਸ ਨੇ ਦੱਸਿਆ ਕਿ ਤਨਪ੍ਰੀਤ ਆਮ ਵਾਂਗ ਰਾਤ ਵੇਲੇ ਕੰਮ ਤੋਂ ਪਰਤ ਰਹੀ ਸੀ। ਉਹ ਘਰ ਦੇ ਨੇੜੇ ਪੁੱਜੀ ਤਾਂ ਪਿੱਛੋਂ ਕਿਸੇ ਨੇ ਤੇਜ਼ੀ ਨਾਲ ਆ ਕੇ ਉਸ ਨੂੰ ਧੱਕਾ ਦਿੱਤਾ, ਜਿਸ ਕਾਰਨ ਉਹ ਡਿੱਗ ਗਈ। ਇਸ ਤੋਂ ਬਾਅਦ ਧੱਕਾ ਦੇਣ ਵਾਲੀਆਂ ਨੇ ਪਰਸ ਤੇ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਵਲੋਂ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਲੜਕੀਆਂ ਨੇ ਉਸ ਦੀ ਕੁੱਟਮਾਰ ਕੀਤੀ। ਇਸ ਕਾਰਨ ਉਸ ਦੇ ਪੇਟ, ਛਾਤੀ, ਮੋਢੇ ਤੇ ਲੱਤਾਂ ’ਤੇ ਸੱਟਾਂ ਲੱਗੀਆਂ ਤੇ ਕੁਝ ਹੱਡੀਆਂ ਟੁੱਟ ਗਈਆਂ।