ਕੈਨੇਡਾ: ਸਰੀ ਨੇੜੇ ਪੰਜਾਬੀ ਕਾਰੋਬਾਰੀ ਦੀ ਹੱਤਿਆ, ਫਿਰੌਤੀ ਲਈ 4 ਥਾਈਂ ਗੋਲੀਬਾਰੀ
ਸਰੀ ਨੇੜਲੇ ਪੰਜਾਬੀ ਵਸੋਂ ਵਾਲੇ ਸ਼ਹਿਰ ਐਬਸਫੋਰਡ ਦੇ ਰਿੱਜਵਿਊ ਡਰਾਈਵ ਖੇਤਰ ਵਿਚ ਰਹਿੰਦੇ ਪੰਜਾਬੀ ਕਾਰੋਬਾਰੀ ਦਾ ਸੋਮਵਾਰ ਨੂੰ ਉਸ ਦੇ ਘਰ ਮੂਹਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਮੌਕੇ ਕਾਰੋਬਾਰੀ ਮੈਪਲ ਰਿੱਜ ਸ਼ਹਿਰ ਵਿਚਲੇ ਆਪਣੇ ਕਾਰੋਬਾਰੀ ਦਫਤਰ ਜਾਣ ਲਈ ਕਾਰ ਵਿੱਚ ਬੈਠਣ ਲੱਗਾ ਸੀ। ਕੱਪੜਾ ਰੀਸਾਈਕਲ ਦੇ ਵੱਡੇ ਕਾਰੋਬਾਰੀ ਦੀ ਪਛਾਣ ਦਰਸ਼ਨ ਸਿੰਘ ਸਾਹਸੀ (68) ਵਜੋਂ ਕੀਤੀ ਗਈ ਹੈ। ਉਸ ਦਾ ਕਾਰੋਬਾਰ ਭਾਰਤ ਦੇ ਕਈ ਸ਼ਹਿਰਾਂ ਤੱਕ ਫੈਲਿਆ ਹੋਇਆ ਹੈ। ਪੁਲੀਸ ਵੱਲੋ ਕਾਰੋਬਾਰੀ ਦੀ ਹੱਤਿਆ ਨੂੰ ਫਿਰੌਤੀ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਮੂਲ ਰੂਪ ਵਿੱਚ ਦੋਰਾਹੇ ਨੇੜਲੇ ਪਿੰਡ ਰਾਜਗੜ ਦਾ ਦਰਸ਼ਨ ਸਿੰਘ ਕਈ ਸਾਲ ਪਹਿਲਾਂ ਕੈਨੇਡਾ ਆਇਆ ਤੇ ਕੱਪੜਾ ਰੀਸਾਈਕਲ ਦਾ ਕਾਰੋਬਾਰ ਸ਼ੁਰੂ ਕੀਤਾ। ਮੈਪਲ ਰਿੱਜ ਵਿੱਚ ਉਸ ਦੀ ਫੈਕਟਰੀ ਵਿੱਚ ਦਰਜਨਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਸੀ। ਖੁੱਲ੍ਹੇ ਸੁਭਾਅ ਦੇ ਮਾਲਕ ਦਰਸ਼ਨ ਸਿੰਘ ਨੇ ਦਾਨ ਕਰਨ ਮੌਕੇ ਕਦੇ ਕੰਜੂਸੀ ਨਹੀਂ ਸੀ ਕੀਤੀ। ਪਤਾ ਲੱਗਾ ਕਿ ਪਿਛਲੇ ਸਮੇਂ ਉਸ ਨੂੰ ਫਿਰੌਤੀ ਦੀਆਂ ਕਾਲਾਂ ਆਉਂਦੀਆਂ ਰਹੀਆਂ, ਜਿਸ ਦੀ ਉਸ ਨੇ ਪਰਵਾਹ ਨਹੀ ਕੀਤੀ। ਭਾਈਚਾਰਕ ਸਮਾਗਮਾਂ ਲਈ ਅਕਸਰ ਉਸ ਨੂੰ ਮੂਹਰੇ ਲਾਇਆ ਜਾਂਦਾ ਸੀ।
ਕਾਰੋਬਾਰੀ ਦੀ ਹੱਤਿਆ ਤੋਂ ਘੰਟੇ ਕੁ ਬਾਦ ਸ਼ਹਿਰ ਦੇ ਫਰਗੂਸਨ ਵੇਅ ’ਤੇ ਗੋਲੀਬਾਰੀ ਦੀ ਇਕ ਹੋਰ ਘਟਨਾ ਵਿੱਚ 41 ਸਾਲਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਣ ਕਰ ਕੇ ਉਸ ਦੀ ਜਾਨ ਬਚ ਗਈ ਹੈ। ਪੁਲੀਸ ਬੁਲਾਰੇ ਸਾਰਜੈਂਟ ਪੌਲ ਵਾਕਰ ਅਨੁਸਾਰ ਮਿੱਥ ਕੇ ਕੀਤੀ ਗਈ ਇਸ ਗੋਲੀਬਾਰੀ ਪਿੱਛੇ ਫਿਰੌਤੀ ਮਾਮਲਾ ਨਹੀਂ ਲੱਗਦਾ। ਪੀੜਤ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ। ਦੋਹਾਂ ਘਟਨਾਵਾਂ ਕਰਕੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਲੋਕ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ।
ਸਰੀ ਵਿੱਚ ਲੰਘੇ ਦੋ ਦਿਨਾਂ ਵਿੱਚ ਚਾਰ ਘਰਾਂ ’ਤੇ ਗੋਲੀਬਾਰੀ ਕੀਤੀ ਗਈ ਹੈ। ਗੋਲੀਬਾਰੀ ਵਿੱਚ ਕੋਈ ਜ਼ਖ਼ਮੀ ਤਾਂ ਨਹੀਂ ਹੋਇਆ, ਪਰ ਇਮਾਰਤਾਂ ਨੂੰ ਨੁਕਸਾਨ ਪੁੱਜਾ। ਸਰੀ ਦੇ ਨਾਲ ਲੱਗਦੇ ਸ਼ਹਿਰ ਡੈਲਟਾ ਵਿੱਚ ਇੱਕ ਘਰ ’ਤੇ ਗੋਲੀਆਂ ਚੱਲੀਆਂ ਹਨ।
